ਨਵੀਂ ਦਿੱਲੀ : ਪੰਜਾਬ ਦੇ ਫਿਰੋਜ਼ਪੁਰ ਵਿੱਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਸੁਰੱਖਿਆ ਕਾਰਨਾਂ ਕਰਕੇ ਰੱਦ ਕਰਨੀ ਪਈ। ਇਸ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਾਂ ਬਾਰੇ ਖੁਫੀਆ ਜਾਣਕਾਰੀ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਨੇ 'ਬਲੂ ਬੁੱਕ' ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੀ ਬਲੂ ਬੁੱਕ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
 
 ਇੱਕ ਅਧਿਕਾਰੀ ਨੇ ਕਿਹਾ ਕਿ ਬਲੂ ਬੁੱਕ ਦੇ ਅਨੁਸਾਰ ਰਾਜ ਦੀ ਪੁਲਿਸ ਨੂੰ ਕਿਸੇ ਵੀ ਪ੍ਰਤੀਕੂਲ ਸਥਿਤੀ ਲਈ ਪਹਿਲਾਂ ਤੋਂ ਇੱਕ ਅਚਨਚੇਤੀ ਰਸਤਾ ਤਿਆਰ ਕਰਨਾ ਪੈਂਦਾ ਹੈ, ਜਿਵੇਂ ਕਿ ਪੰਜਾਬ ਵਿੱਚ ਦੇਖੀ ਗਈ। ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਲਗਾਤਾਰ ਪੰਜਾਬ ਪੁਲਿਸ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ ਪ੍ਰਦਰਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਪੰਜਾਬ ਪੁਲਿਸ ਨੇ ਵੀ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ।
 
ਉਨ੍ਹਾਂ ਦੱਸਿਆ ਕਿ ਐੱਸਪੀਜੀ ਦੇ ਜਵਾਨ ਪ੍ਰਧਾਨ ਮੰਤਰੀ ਦੇ ਆਲੇ-ਦੁਆਲੇ ਇੱਕ ਚੱਕਰ ਵਿੱਚ ਰਹਿੰਦੇ ਹਨ ਪਰ ਬਾਕੀ ਸੁਰੱਖਿਆ ਉਪਾਵਾਂ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੇ ਹੱਥ ਵਿੱਚ ਹੈ। ਰਾਜ ਦੀ ਪੁਲਿਸ ਸਥਿਤੀ ਵਿੱਚ ਤਬਦੀਲੀ ਬਾਰੇ ਐਸਪੀਜੀ ਨੂੰ ਸੂਚਿਤ ਕਰਦੀ ਹੈ ਅਤੇ ਇਸ ਅਨੁਸਾਰ ਵੀਆਈਪੀ ਦੀ ਗਤੀਵਿਧੀ ਬਦਲ ਦਿੱਤੀ ਜਾਂਦੀ ਹੈ।
 
ਦੱਸ ਦੇਈਏ ਕਿ ਓਧਰ ਗ੍ਰਹਿ ਮੰਤਰਾਲੇ ਨੇ ਹੁਣ ਪੰਜਾਬ ਪੁਲਿਸ ਤੋਂ ਸਬੰਧਤ ਥਾਵਾਂ 'ਤੇ ਸੁਰੱਖਿਆ ਬਲਾਂ ਦੀ ਤਾਇਨਾਤੀ, ਬੈਰੀਕੇਡਾਂ ਅਤੇ ਸੁਰੱਖਿਆ ਲਈ ਅਪਣਾਏ ਗਏ ਹੋਰ ਉਪਾਵਾਂ ਬਾਰੇ ਜਾਣਕਾਰੀ ਮੰਗੀ ਹੈ। ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਵਿਚ ਕਮੀਆਂ ਦੇ ਮਾਮਲੇ ਵਿਚ ਖੁਫੀਆ ਏਜੰਸੀਆਂ ਤੋਂ ਰਿਪੋਰਟ ਮੰਗੀ ਗਈ ਹੈ।