ਚੰਡੀਗੜ੍ਹ: ਕੋਰੋਨਾਵਾਇਰਸ 'ਚ ਕਰਫਿਊ ਦੌਰਾਨ ਪੰਜਾਬ ਪੁਲਿਸ ਦਾ ਅਕਸ ਸੁਧਾਰ ਵੱਲ ਜਾ ਰਿਹਾ ਹੈ ਪਰ ਫਿਰ ਵੀ ਕੁਝ ਅਧਿਕਾਰੀ ਵਰਦੀ 'ਤੇ ਦਾਗ ਲਾਉਣ ਤੋਂ ਪਿੱਛੇ ਨਹੀਂ ਹੱਟਦੇ। ਪੰਜਾਬ ਪੁਲਿਸ ਦਾ ਹੁਣ ਇਕ ਹੋਰ ਨਵਾਂ ਕਾਰਾ ਸਾਹਮਣੇ ਆਇਆ ਹੈ। ਇਸ ਵਾਰ ਪੁਲਿਸ ਨੇ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੇ ਲੋਕਾਂ ਖ਼ਿਲਾਫ਼ ਉਲਟਾ ਹੀ ਕੇਸ ਦਰਜ ਕਰ ਦਿੱਤਾ ਜਿਨ੍ਹਾਂ ਨੇ ਪਿੰਡ ਵਿੱਚ ਜਲੰਧਰ ਤੋਂ ਨਸ਼ਾ ਖਰੀਦਣ ਆਏ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ ਸੀ। ਪੁਲਿਸ ਨੇ ਪਿੰਡ ਵਾਸੀਆਂ 'ਤੇ ਕਰਫਿਊ ਦੀ ਉਲੰਘਣਾ ਤੇ ਪੁਲਿਸ ਵਾਲਿਆਂ ਨਾਲ ਹੱਥੋਂ ਪਾਈ ਦਾ ਮਾਮਲੇ ਦਰਜ ਕੀਤਾ ਹੈ।


ਪੁਲਿਸ ਦੀ ਕਾਰਵਾਈ ਤੋਂ ਨਾਰਾਜ਼ ਹੋਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਨੇ ਨਸ਼ੇੜੀਆਂ ਨੂੰ ਫੜ ਕੇ ਵਿਭਾਗ ਦੀ ਮਦਦ ਕੀਤੀ ਸੀ ਪਰ ਹੁਣ ਉਨ੍ਹਾਂ ਦੇ ਖਿਲਾਫ ਹੀ ਕੇਸ ਦਰਜ ਕੀਤਾ ਗਿਆ ਹੈ। ਕਪੂਰਥਲਾ ਪੁਲਿਸ ਦੀਆਂ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਥਾਣਾ ਸਦਰ ਦੇ ਐਸਐਚਓ ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੇ ਆਦੇਸ਼ਾਂ 'ਤੇ ਹੀ ਇਹ ਕਾਰਵਾਈ ਕੀਤੀ ਗਈ ਹੈ।

ਜਲੰਧਰ ਤੋਂ ਪਿੰਡ ਲੱਖਣ ਕਲਾਂ ਗਏ ਤਿੰਨ ਪੁਲਿਸ ਮੁਲਾਜ਼ਮਾਂ ਦਾ ਮਾਮਲਾ ਕੁਝ ਦਿਨ ਪਹਿਲਾਂ ਦਾ ਹੈ। ਜਦੋਂ ਪਿੰਡ ਵਾਲਿਆਂ ਨੇ ਤਿੰਨਾਂ ਵਿਅਕਤੀਆਂ ਨੂੰ ਫੜ ਲਿਆ ਸੀ। ਉਨ੍ਹਾਂ ਕੋਲੋਂ ਨਸ਼ਿਆਂ ਲਈ ਵਰਤੀਆਂ ਜਾਂਦੀਆਂ ਸਰਿੰਜਾਂ ਮਿਲੀਆਂ ਸਨ। ਜਦੋਂ ਤਿੰਨੇ ਮੁਲਾਜ਼ਮ ਨੌਕਰੀ ਤੋਂ ਕੱਢੇ ਜਾਣ ਦੀ ਦੁਹਾਈ ਦੇਣ ਲੱਗੇ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ।

ਕਿਸੇ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜੋ ਵਾਇਰਲ ਹੋ ਗਈ। ਜਦੋਂ ਇਹ ਮਾਮਲਾ ਉੱਚ ਅਧਿਕਾਰੀਆਂ ਤੱਕ ਵੀ ਪਹੁੰਚਿਆ ਤਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਪੁਲਿਸ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਇਸ ਸਮੇਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਐਸਐਸਪੀ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਕੁੱਟਮਾਰ ਕਰਕੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਵਾਲੇ ਤਿੰਨ ਪਿੰਡ ਵਾਸੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪਹਿਰਾ ਦੇਣਾ ਸਹੀ ਹੈ, ਪਰ ਲੜਨ ਦਾ ਅਧਿਕਾਰ ਕਿਸੇ ਨੂੰ ਨਹੀਂ। ਲੋਕਾਂ ਨੂੰ ਦੋਸ਼ੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ।