ਜਲੰਧਰ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰਾਂ ਦੇ ਤਸਕਰਾਂ ਅਤੇ ਹਾਈਵੇਅ ਤੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਿਸ ਵਿੱਚ ਭਗੌੜੇ ਹੋਏ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਰਾ ਅਤੇ ਜਰਮਨਜੀਤ ਸਿੰਘ ਸ਼ਾਮਲ ਹਨ।ਇਹ ਦੋਵੇਂ ਖਤਰਨਾਕ ਗੈਂਗਸਟਰਾਂ ਹਨ ਅਤੇ ਅਪਰਾਧੀ ਘੋਸ਼ਿਤ (ਪੀਓ) ਹਨ।ਇਨ੍ਹਾਂ ਕੋਲੋਂ ਹਥਿਆਰਾਂ ਅਤੇ ਬਾਰੂਦ ਦੀ ਖੇਪ ਸਣੇ ਇੱਕ ਬੁਲੇਟ-ਪਰੂਫ ਜੈਕੇਟ ਵੀ ਬਰਾਮਦ ਕੀਤੀ ਗਈ ਹੈ।


ਇਹ ਤਸਕਰ ਕਥਿਤ ਤੌਰ 'ਤੇ ਸਰਹੱਦ ਪਾਰੋਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਸਨ।ਇਨ੍ਹਾਂ ਦੋਵਾਂ ਨੂੰ ਜਲੰਧਰ (ਦਿਹਾਤੀ) ਪੁਲਿਸ ਨੇ ਭੋਗਪੁਰ ਤੋਂ ਗ੍ਰਿਫਤਾਰ ਕੀਤਾ ਹੈ।ਇਨ੍ਹਾਂ ਪਾਸੋਂ ਇੱਕ ਬੁਲੇਟ ਪਰੂਫ ਜੈਕਟ ਅਤੇ ਇੱਕ 455 ਬੋਰ ਦੀ ਪਿਸਟਲ, ਦੋ ਗਲੋਕ 09 ਐਮ ਐਮ ਪਿਸਤੌਲ, ਚਾਰ ਜ਼ਿੰਦਾ ਕਾਰਤੂਸਾਂ ਸਮੇਤ ਇੱਕ ਪੰਪ ਐਕਸ਼ਨ 12 ਬੋਰ ਰਾਈਫਲ, ਇੱਕ 32 ਬੋਰ ਦਾ ਰਿਵਾਲਵਰ, ਇਕ 30 ਬੋਰ ਦਾ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਪੁਲਿਸ ਮੁਤਾਬਿਕ ਗ੍ਰਿਫਤਾਰ ਮੁਲਜ਼ਮ ਬਾਰਡਰ ਪਾਰ ਤੋਂ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ 'ਚ ਸ਼ਾਮਲ ਸਨ।

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਗੋਰਾ ਪਹਿਲਾਂ ਹੀ 14 ਕੇਸਾਂ ਵਿੱਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।ਜਿਸ 'ਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਤਲ, ਹਮਲਾ, ਲੁੱਟ ਖੋਹ, ਡਕੈਤੀ, ਗੈਂਗ ਵਾਰ ਅਤੇ ਹੋਰ ਮਾਮਲੇ ਸ਼ਾਮਲ ਹਨ।ਉਹ ਇਨ੍ਹਾਂ ਵਿੱਚੋਂ 13 ਕੇਸਾਂ ਵਿੱਚ ਇੱਕ ਘੋਸ਼ਿਤ ਅਪਰਾਧੀ ਹੈ।

ਡੀਜੀਪੀ ਨੇ ਦੱਸਿਆ ਕਿ ਗੈਂਗਸਟਰਾਂ ਖ਼ਿਲਾਫ਼ ਭੋਗਪੁਰ ਥਾਣੇ ਵਿੱਚ ਆਈਪੀਸੀ ਦੀ ਧਾਰਾ 392, 212, 216 ਏ, 506, ਅਤੇ 120-ਬੀ ਅਤੇ ਆਰਮਜ਼ ਐਕਟ ਦੀ ਧਾਰਾ 25 'ਤੇ 27 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।