ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਵੱਲੋਂ 6 ਲੋਕਾਂ ਨੂੰ ਇੱਕ ਨੌਜਵਾਨ ਅਗਵਾ ਕਰਨ ਦੇ ਇਲਜ਼ਾਮਾਂ ਵਿੱਚ ਗ੍ਰਿਫਤਾਰ ਕੀਤਾ ਹੈ। ਦਰਅਸਲ ਇਹ ਮੁਲਜ਼ਮ ਇੱਕ ਮੁੰਡੇ ਨੂੰ ਅਗਵਾ ਕਰਕੇ ਲਿਜਾ ਰਹੇ ਸਨ ਪਰ ਪੁਲਿਸ ਨੇ ਮੌਕੇ 'ਤੇ ਘੇਰਾਬੰਦੀ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਮਾਮਲਾ ਪ੍ਰੇਮ ਪ੍ਰੰਸਗ ਦਾ ਸੀ।


ਗੁਰਦਾਸਪੁਰ ਪੁਲਿਸ ਦੇ ਐਸ.ਐਸ.ਪੀ. ਜਸਦੀਪ ਸਿੰਘ ਨੇ ਦੱਸਿਆ ਕਿ ਇਹ ਅਗਵਾ ਦਾ ਮਾਮਲਾ ਹੈ ਤੇ ਪ੍ਰੇਮ ਪ੍ਰਸੰਗ ਦਾ ਵੀ। ਪੁਲਿਸ ਦਾ ਦਾਅਵਾ ਹੈ ਕਿ ਅਗਵਾਕਰਤਾ ਵਿੱਚੋਂ ਇੱਕ ਦੀ ਭੈਣ ਦਾ ਕਾਹਨੂੰਵਾਨ ਦੀ ਦੁਕਾਨ 'ਤੇ ਕੰਮ ਕਰਦੇ ਬਲਵਿੰਦਰ ਸਿੰਘ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਇਸ ਕਾਰਨ ਬਲਵਿੰਦਰ ਸਿੰਘ ਨੂੰ ਕੁੜੀ ਦੇ ਭਰਾ ਨੇ ਧਮਕੀ ਦਿੱਤੀ ਸੀ।

ਬੀਤੇ ਦਿਨ ਕੁੜੀ ਦਾ ਭਰਾ ਕੁਝ ਦੋਸਤਾਂ ਨਾਲ ਫਰਨੀਚਰ ਦੀ ਦੁਕਾਨ 'ਤੇ ਪਹੁੰਚਿਆ। ਉੱਥੇ ਉਸ ਨੇ ਬਲਵਿੰਦਰ ਸਿੰਘ ਦੇ ਦੋਸਤ ਮਲਕੀਤ ਸਿੰਘ ਤੋਂ ਬਲਵਿੰਦਰ ਬਾਰੇ ਪੁੱਛਿਆ। ਜਦੋਂ ਮਲਕੀਤ ਨੇ ਬਲਵਿੰਦਰ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਤਾਂ ਉਹ ਮਲਕੀਤ ਸਿੰਘ ਨੂੰ ਜ਼ਬਰਦਸਤੀ ਗੱਡੀ ਵਿੱਚ ਪਾ ਕੇ ਅਗਵਾ ਕਰਕੇ ਲੈ ਗਏ।

ਜਿਵੇਂ ਹੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਲਾਕੇ ਦੀ ਨਾਕਾਬੰਦੀ ਕਰ ਇੱਕ ਘੰਟੇ ਵਿੱਚ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਮਲਕੀਤ ਸਿੰਘ ਨੂੰ ਉਨ੍ਹਾਂ ਦੇ ਚੁੰਗਲ ਤੋਂ ਛੁਡਵਾਇਆ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਇੱਕ ਬਾਰਾਂ ਬੋਰ ਦੀ ਰਾਈਫਲ ਦੇ ਨਾਲ 25 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਤਿੰਨ ਫਰਾਰ ਦੱਸੇ ਜਾ ਰਹੇ ਹਨ।