ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ 'ਤੇ ਹੁਣ ਪੁਲਿਸ ਨੇ ਸ਼ਿਕੰਜਾ ਕੱਸ ਦਿੱਤਾ ਹੈ। ਪੰਜਾਬ ਪੁਲਿਸ ਨੇ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਕਾਰੋਬਾਰੀ ਪਾਟਨਰ ਕੁਦਰਤਦੀਪ ਸਿੰਘ 'ਤੇ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਹਵਾਲਾ ਲੈਣ-ਦੇਣ ਦੇ ਸਬੰਧ ਵਿੱਚ ਹਨੀ ਵਿਰੁੱਧ ਪਹਿਲਾਂ ਹੀ ਕੇਸ ਦਰਜ ਕਰ ਚੁੱਕਾ ਹੈ।

ਪੁਲਿਸ ਨੇ ਸੋਮਵਾਰ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੇ ਮਲਿਕਪੁਰ ਮਾਈਨਿੰਗ ਸਾਈਟ 'ਤੇ ਗੈਰ-ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਵਿੱਚ ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਕਾਰੋਬਾਰੀ ਪਾਟਨਰ ਕੁਦਰਤਦੀਪ ਸਿੰਘ ਉਰਫ਼ ਲਵੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਸਾਲ 2017 ਦੌਰਾਨ ਪੰਜਾਬ ਪੁਲਿਸ ਵੱਲੋਂ ਮਾਰੇ ਗਏ ਛਾਪਿਆਂ ਦੌਰਾਨ ਉਨ੍ਹਾਂ ਕੋਲੋਂ ਬਰਾਮਦ ਹੋਈਆਂ 73 ਜਾਅਲੀ ਵਜ਼ਨ ਸਲਿੱਪਾਂ ਦੇ ਆਧਾਰ 'ਤੇ ਦੋਵਾਂ ਖ਼ਿਲਾਫ਼ ਦਰਜ ਕੀਤਾ ਗਿਆ ਸੀ।

73 ਜਾਅਲੀ ਵੇਟਮੈਂਟ ਸਲਿੱਪਾਂ ਦੇ ਸਬੰਧ ਵਿੱਚ ਈਡੀ ਵੱਲੋਂ 9 ਮਈ 2022 ਨੂੰ ਭੇਜੇ ਗਏ ਪੱਤਰ ਤੋਂ ਲਗਭਗ ਦੋ ਮਹੀਨੇ ਬਾਅਦ ਪੁਲੀਸ ਨੇ ਦੋਵਾਂ ਖ਼ਿਲਾਫ਼ ਇਹ ਕੇਸ ਦਰਜ ਕੀਤਾ ਹੈ। ਈਡੀ ਨੇ ਆਪਣੇ ਪੱਤਰ ਰਾਹੀਂ ਐਸਬੀਐਸ ਨਗਰ (ਨਵਾਂਸ਼ਹਿਰ) ਦੇ ਐਸਐਸਪੀ ਨੂੰ 73 ਵੈਟਮੈਨ ਸਲਿੱਪਾਂ (ਮਿਤੀ 10/11/2017) ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਸੀ।

ਈਡੀ ਨੇ ਐਸਐਸਪੀ ਨੂੰ ਭੇਜੇ ਪੱਤਰ ਵਿੱਚ ਮਾਈਨਿੰਗ ਵਿਭਾਗ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਮਲਿਕਪੁਰ ਮਾਈਨਿੰਗ ਵਾਲੀ ਥਾਂ 'ਤੇ ਨਿਰਧਾਰਿਤ ਤੋਂ ਵੱਧ ਮਾਈਨਿੰਗ ਕੀਤੀ ਗਈ ਸੀ।
ਐਫਆਈਆਰ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਹਨੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ। ਹਨੀ ਦਾ ਕਾਰੋਬਾਰੀ ਪਾਟਨਰ ਕੁਦਰਤਦੀਪ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਮੰਗਲਵਾਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। ਪੁਲਿਸ ਨੇ ਆਪਣੀ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਲਈ ਹੈ।

ਈਡੀ ਵੱਲੋਂ ਕਈ ਦਸਤਾਵੇਜ਼ ਅਤੇ 9.97 ਕਰੋੜ ਦੀ ਨਕਦੀ ਬਰਾਮਦ 

ਸਾਲ 2021 ਦੇ ਅੰਤ ਵਿੱਚ ਈਡੀ ਦੀ ਜਲੰਧਰ ਟੀਮ ਨੇ ਹਨੀ ਅਤੇ ਕੁਦਰਤਦੀਪ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਦੋਵਾਂ ਥਾਵਾਂ ਤੋਂ ਜਾਅਲੀ ਦਸਤਾਵੇਜ਼, ਡਿਜੀਟਲ ਉਪਕਰਨ ਅਤੇ 9.97 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਮਲਿਕਪੁਰ ਮਾਈਨਿੰਗ ਵਾਲੀ ਥਾਂ 'ਤੇ ਨਾਜਾਇਜ਼ ਮਾਈਨਿੰਗ ਰਾਹੀਂ ਇਹ ਰਕਮ ਹਾਸਲ ਕੀਤੀ ਗਈ ਸੀ।


ਐਸਪੀ ਇਨਵੈਸਟੀਗੇਸ਼ਨ ਦੀ ਰਿਪੋਰਟ ਤੋਂ ਬਾਅਦ ਮਾਮਲਾ ਦਰਜ

ਪੰਜਾਬ ਪੁਲਿਸ ਦੇ ਬੁਲਾਰੇ ਅਨੁਸਾਰ ਈਡੀ ਦੇ ਪੱਤਰ ਤੋਂ ਬਾਅਦ ਨਵਾਂਸ਼ਹਿਰ ਦੇ ਐਸਐਸਪੀ ਨੇ ਐਸਪੀ ਇਨਵੈਸਟੀਗੇਸ਼ਨ ਦੀ ਅਗਵਾਈ ਵਿੱਚ ਐਸਆਈਟੀ ਗਠਿਤ ਕਰਕੇ ਮਾਮਲੇ ਦੀ ਜਾਂਚ ਕੀਤੀ। ਜਾਂਚ ਵਿੱਚ ਪਾਇਆ ਗਿਆ ਕਿ ਹਨੀ ਅਤੇ ਕੁਦਰਤਦੀਪ ਨੇ ਰਾਜ ਦੀ ਵਾਤਾਵਰਣ ਅਥਾਰਟੀ ਦੁਆਰਾ ਜਾਰੀ ਵਾਤਾਵਰਣ ਕਲੀਅਰੈਂਸ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਖੇਤਰ ਵਿੱਚ ਭਾਰੀ ਮਸ਼ੀਨਰੀ ਦੀ ਗੈਰ-ਕਾਨੂੰਨੀ ਮਾਈਨਿੰਗ ਕੀਤੀ ਸੀ।