ਚੰਡੀਗੜ੍ਹ: ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਕੋਵਿਡ-19 ਨਾਲ ਨਜਿੱਠਣ ਲਈ ਪੁਲਿਸ ਨੂੰ ਕੋਵਿਡ ਡਿਊਟੀ ਲਈ ਰਾਖਵੇਂ ਰੱਖਣ ਤੇ ਪੁਲਿਸ ਥਾਣਿਆਂ ਤੇ ਆਰਮਡ ਬਟਾਲੀਅਨਾਂ ਵਿੱਚ ਤਾਇਨਾਤ ਫੀਲਡ ਸਟਾਫ ਨੂੰ ਹੋਰ ਮਜ਼ਬੂਤ ਕਰਨ ਲਈ 6355 ਪੰਜਾਬ ਪੁਲਿਸ ਕਰਮਚਾਰੀਆਂ ਨੂੰ ਗੈਰ ਮਹੱਤਵਪੂਰਨ ਡਿਊਟੀ ਤੋਂ ਹਟਾ ਲਿਆ ਗਿਆ।
ਸੂਬੇ ਭਰ ਵਿੱਚ ਕੋਵਿਡ ਸਬੰਧੀ ਨਿਯਮਾਂ ਤੇ ਪ੍ਰੋਟੋਕਾਲ ਨੂੰ ਲਾਗੂ ਕਰਨ ਲਈ ਕਾਰਜਸ਼ੀਲ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਲਈ ਜ਼ਿਲ੍ਹਿਆਂ ਦੇ ਪੁਲਿਸ ਥਾਣਿਆਂ ਲਈ 202 ਤੇ ਆਰਮਡ ਬਟਾਲੀਅਨਾਂ ਵਿੱਚ 20 ਹੋਰ ਕੋਵਿਡ ਦਸਤੇ ਬਣਾਏ ਗਏ ਹਨ।

ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਕਰਮੀਆਂ ਨੂੰ ਹਟਾਉਣ ਦਾ ਕੰਮ 17 ਜੁਲਾਈ ਤੋਂ ਸ਼ੁਰੂ ਹੋ ਗਿਆ ਸੀ ਤੇ 23 ਜੁਲਾਈ ਤੱਕ 3669 ਕਰਮੀ ਜ਼ਿਲ੍ਹਿਆਂ ਤੇ 475 ਕਰਮੀ ਆਰਮਡ ਬਟਾਲੀਅਨਾਂ ਦੇ ਕੋਵਿਡ ਦਸਤਿਆਂ ਵਿੱਚ ਸ਼ਾਮਲ ਹੋ ਚੁੱਕੇ ਹਨ।

ਹਟਾਉਣ ਵਾਲੇ ਮੁਲਾਜ਼ਮਾਂ ਵਿੱਚ ਜ਼ਿਲਾ ਪੁਲਿਸ ਦਫਤਰਾਂ, ਪੁਲਿਸ ਲਾਈਨਜ਼, ਸਾਂਝ ਕੇਂਦਰਾਂ, ਪੁਲਿਸ/ਸਿਵਲ ਅਧਿਕਾਰੀਆਂ ਤੇ ਧਮਕੀਆਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨਾਲ ਜੁੜੇ ਤੇ ਹੋਰ ਯੂਨਿਟਾਂ ਨਾਲ ਆਰਜ਼ੀ ਤੌਰ 'ਤੇ ਜੁੜੇ ਮੁਲਾਜ਼ਮ ਸ਼ਾਮਲ ਹਨ।