Lawrence Bishnoi jail interview: ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਹਿਲਾਂ ਇਸ ਕੇਸ ਵਿੱਚ 2 FIR ਦਰਜ ਕੀਤੀਆਂ ਗਈਆਂ ਤੇ ਹੁਣ ਪੰਜਾਬ ਪੁਲਿਸ ਦੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਜੇਲ੍ਹ ਅਫ਼ਸਰਾਂ 'ਤੇ ਸ਼ਿਕੰਜਾ ਕੱਸ ਸਕਦੀ ਹੈ। ਇਹ ਜੇਲ੍ਹ ਅਫ਼ਸਰ ਪੰਜਾਬ ਦੇ ਨਹੀਂ ਰਾਜਸਥਾਨ ਦੇ ਹੋ ਸਕਦੀ ਹੈ। 


ਕਿਉਂਕਿ ਵਿਸ਼ੇਸ਼ ਜਾਂਚ ਟੀਮ ਨੇ ਆਪਣੇ ਜਾਂਚ ਨੂੰ ਰਾਜਸਥਾਨ ਲੈ ਕੇ ਜਾਣ ਦੀ ਤਿਆਰੀ ਕਰ ਲਈ ਹੈ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਹੈ। ਇਹ ਦਾਅਵੇ ਪੰਜਾਬ ਪੁਲਿਸ ਹਾਈ ਕੋਰਟ ਵਿੱਚ ਵੀ ਕਰ ਚੁੱਕੀ ਹੈ। 


 


ਵਿਸ਼ੇਸ਼ ਜਾਂਚ ਟੀਮ ਨੇ ਕਰੀਬ 9 ਮਹੀਨਿਆਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਦੋ ਐਫਆਈਆਰ ਦਰਜ ਕੀਤੀਆਂ ਸਨ। ਹੁਣ ਪੁਲਿਸ ਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਉਸ ਦੀ ਇੰਟਰਵਿਊ ਕਿਸ ਜੇਲ੍ਹ ਤੋਂ ਹੋਈ ਸੀ। ਇਸ ਸਬੰਧੀ ਰਾਜਸਥਾਨ ਜੇਲ੍ਹ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਅਦਾਲਤ ਵਿੱਚ 10 ਜਨਵਰੀ ਨੂੰ ਇੱਕ ਹੋਰ ਸੁਣਵਾਈ ਹੈ।  


 


ਸਾਲ 2023 'ਚ 14 ਅਤੇ 17 ਮਾਰਚ ਨੂੰ  ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਏਬੀਪੀ ਨਿਊਜ਼ 'ਤੇ ਦੋ ਇੰਟਰਵਿਊਜ਼ ਪ੍ਰਸਾਰਿਤ ਕੀਤੀਆਂ ਗਈਆਂ ਸਨ। ਐੱਫਆਈਆਰ ਵਿਚ ਇੰਟਰਵਿਊ ਦੀਆਂ ਕਾਪੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ।


 


ਪਹਿਲਾਂ ਪੰਜਾਬ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਲਾਰੈਂਸ ਦੀ ਇੰਟਰਵਿਊ ਕੇਂਦਰੀ ਜੇਲ੍ਹ ਬਠਿੰਡਾ 'ਚ ਨਹੀਂ ਹੋਈ ਸੀ। ਜਿਸ ਸਮੇਂ ਇੰਟਰਵਿਊ ਹੋਈ ਸੀ, ਲਾਰੈਂਸ ਪੰਜਾਬ ਦੀ ਜੇਲ੍ਹ ਵਿਚ ਨਹੀਂ ਸੀ। ਪੁਲਿਸ ਨੇ ਲਾਰੈਂਸ ਦੇ ਬਿਆਨਾਂ ਦੇ ਆਧਾਰ 'ਤੇ ਉਸ 'ਤੇ ਅਤੇ ਉਸ ਦੇ ਗੈਂਗ ਦੇ ਅਣਪਛਾਤੇ ਮੈਂਬਰਾਂ ਖ਼ਿਲਾਫ਼ ਜਬਰੀ ਵਸੂਲੀ, ਅਧਿਕਾਰੀਆਂ ਤੋਂ ਜਾਣਕਾਰੀ ਲੁਕਾਉਣ (ਜਿੱਥੇ ਇੰਟਰਵਿਊ ਲਈ ਗਈ ਸੀ) ਅਤੇ ਇੰਟਰਵਿਊ ਦੇ ਸਬੰਧ ਵਿਚਟ ਸਬੂਤ (ਮੋਬਾਈਲ ਫੋਨ) ਨਸ਼ਟ ਕਰਨ ਦਾ ਮਾਮਲਾ ਦਰਜ ਕੀਤਾ ਹੈ। ਦੂਜੀ ਐੱਫਆਈਆਰ ਵੀ ਲਾਰੈਂਸ ਅਤੇ ਉਸ ਦੇ ਗੈਂਗ ਦੇ ਅਣਪਛਾਤੇ ਮੈਂਬਰਾਂ 'ਤੇ ਧਮਕੀ ਦੇਣ, ਜਾਣਕਾਰੀ ਲੁਕਾਉਣ ਅਤੇ ਸਬੂਤ ਨਸ਼ਟ ਕਰਨ ਨੂੰ ਲੈ ਕੇ ਦਰਜ ਕੀਤੀ ਗਈ ਹੈ।



ਹਾਈ ਕੋਰਟ ਨੇ ਏਡੀਜੀਪੀ (ਜੇਲ੍ਹ) ਅਰੁਣ ਪਾਲ ਸਿੰਘ ਦੇ ਨਾਲ ਵਿਸ਼ੇਸ਼ ਡੀਜੀਪੀ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ ਨੂੰ ਖ਼ਾਰਿਜ ਕਰ ਦਿੱਤਾ ਸੀ। ਜਾਂਚ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਲਾਰੈਂਸ ਦੀਆਂ ਇੰਟਰਵਿਊਜ਼ ਪੰਜਾਬ ਦੀ ਜੇਲ੍ਹ ਵਿਚ ਨਹੀਂ ਹੋਈਆਂ ਸਨ। 



ਹਾਈ ਕੋਰਟ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿਚ ਨਵੀ ਐੱਸਆਈਟੀ ਗਠਿਤ ਕਰਨ ਦਾ ਵੀ ਆਦੇਸ਼ ਦਿੱਤਾ ਸੀ। ਐੱਸਆਈਟੀ ਦੇ ਹੋਰ ਮੈਂਬਰ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਡਾ. ਐੱਸ ਰਾਹੁਲ ਅਤੇ ਡੀਆਈਜੀ ਨੀਲਾਧਰੀ ਵਿਜੈ ਜਗਦਾਲੇ ਹਨ।