ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਕਰਫਿਊ ਦੌਰਾਨ ਕੁਝ ਚੀਜ਼ਾਂ ਦੀ ਖੁੱਲ੍ਹ ਦਿੱਤੀ ਹੈ। ਕਿਸਾਨ ਤੇ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ ਆਪਣੇ ਕੰਮ 'ਤੇ ਆ ਜਾ ਸਕਦੇ ਹਨ। ਉਂਝ ਆਮ ਲੋਕਾਂ ਨੂੰ ਪਹਿਲਾਂ ਵਾਂਗ ਘਰਾਂ ਅੰਦਰ ਹੀ ਰਹਿਣਾ ਪਏਗਾ। ਜੇਕਰ ਕੋਈ ਕਰਫਿਊ ਦੌਰਾਨ ਬਾਹਰ ਨਿਕਲਿਆ ਤਾਂ ਉਸ ਖਿਲਾਫ ਕਾਰਵਾਈ ਹੋਏਗੀ।


ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਤੋਂ ਗੁਰੇਜ ਨਹੀਂ ਹੋਏਗਾ। ਜੇਕਰ ਕਿਸੇ ਨੂੰ ਮੈਡੀਕਲ ਸੇਵਾਵਾਂ ਦੀ ਜ਼ਰੂਰਤ ਹੈ ਜਾਂ ਬਹੁਤ ਜ਼ਰੂਰੀ ਕੰਮ ਹੈ ਤਾਂ ਉਹ ਲੋਕ ਹੀ ਘਰਾਂ ਵਿੱਚੋਂ ਨਿਕਲ ਸਕਦੇ ਹਨ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਕਾਲਾਬਾਜ਼ਾਰੀ ਦੀਆਂ ਵੀ ਕੁਝ ਖਬਰਾਂ ਮਿਲੀਆਂ ਸਨ। ਉਨ੍ਹਾਂ ਖਿਲਾਫ ਵੀ ਪੁਲਿਸ ਨੇ ਸਖਤ ਐਕਸ਼ਨ ਲਿਆ ਹੈ। ਇਸ ਲਈ ਬਕਾਇਦਾ ਹਰ ਚੀਜ਼ ਦੇ ਰੇਟ ਤੈਅ ਕਰ ਦਿੱਤੇ ਗਏ ਹਨ। ਜੇਕਰ ਕੋਈ ਇਸ ਦੀ ਉਲੰਘਣਾ ਵੀ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਸਰਕਾਰ ਵੱਲੋਂ ਕੁਝ ਢਿੱਲ ਦਿੱਤੇ ਜਾਣ ਤੋਂ ਬਾਅਦ ਲੋਕ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਲੱਗੇ ਹਨ।

ਅੰਮ੍ਰਿਤਸਰ ਦੀਆਂ ਸੜਕਾਂ ਉੱਪਰ ਪਿਛਲੇ ਦਿਨਾਂ ਨਾਲੋਂ ਵੱਧ ਆਵਾਜਾਈ ਦੇਖਣ ਨੂੰ ਮਿਲੀ। ਲੋਕ ਸੜਕਾਂ ਤੇ ਪਹਿਲਾਂ ਨਾਲੋਂ ਵੱਧ ਨਿਕਲ ਰਹੇ ਹਨ। ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕ ਪੁਲਿਸ ਨਾਲ ਬਹਿਸ ਕਰਦੇ ਵੀ ਦਿਖਾਈ ਦਿੱਤੇ। ਵੱਖ ਵੱਖ ਨਾਕਿਆਂ ਉੱਤੇ ਵਾਹਨਾਂ ਦੀਆਂ ਕਤਾਰਾਂ ਵੀ ਦੇਖਣ ਨੂੰ ਮਿਲੀਆਂ।