ਅਗਲੇ ਮਹੀਨੇ ਹੋਣਗੇ ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ
ਏਬੀਪੀ ਸਾਂਝਾ | 21 Jul 2016 07:58 AM (IST)
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਅਗਲੇ ਮਹੀਨੇ ਕਈ ਵੱਡੇ ਧਮਾਕੇ ਹੋ ਸਕਦੇ ਹਨ। ਸੱਤਾਧਿਰ ਅਕਾਲੀ ਦਲ ਦੇ ਕਈ ਲੀਡਰ ਤੇ ਵਿਧਾਇਕ ਅਸਤੀਫੇ ਦੇ ਕੇ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਦਾ ਲੜ ਫੜ ਸਕਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਧੜੇਬੰਦੀ ਤੋਂ ਅੱਕੇ ਕਈ ਕਾਂਗਰਸੀ ਲੀਡਰ ਵੀ ਪਾਰਟੀ ਨੂੰ ਅਲਵਿਦਾ ਕਹਿਣ ਦੀ ਤਿਆਰੀ ਵਿੱਚ ਹਨ। ਇਹ ਦਲਬਦਲੀ ਦੀ ਖੇਡ ਹੀ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਤੇ ਦਸ਼ਾ ਤੈਅ ਕਰਨਗੀਆਂ। ਸਿਆਸੀ ਮਾਹਿਰਾਂ ਦਾ ਮੰਨੀਏ ਤਾਂ ਇਸ ਦਲਬਦਲੀ ਦੀ ਖੇਡ ਦਾ ਸਭ ਤੋਂ ਜ਼ਿਆਦਾ ਲਾਹਾ ਆਮ ਆਦਮੀ ਪਾਰਟੀ ਨੂੰ ਹੋਣ ਵਾਲਾ ਹੈ। ਨਵੀਂ ਪਾਰਟੀ ਹੋਣ ਕਰਕੇ 'ਆਪ' ਨੂੰ ਛੱਡਣ ਵਾਲੇ ਘੱਟ ਤੇ ਜੁੜਨ ਵਾਲੇ ਜ਼ਿਆਦਾ ਹੋਣਗੇ। ਇਸ ਦੀ ਮਿਸਾਲ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਹਨ ਜੋ 'ਆਪ' ਵਿੱਚ ਜਾਣ ਦਾ ਮਨ ਬਣਾ ਚੁੱਕੇ ਹਨ। ਉਂਝ 'ਆਪ' ਅਜੇ ਕਿਸੇ ਵੱਡੇ ਵਿਵਾਦ ਵਿੱਚ ਨਹੀਂ ਘਿਰੀ। ਸਾਫ ਅਕਸ ਵਾਲੇ ਲੋਕ ਇਸ ਪਾਰਟੀ ਨਾਲ ਹੀ ਜੁੜਨ ਨੂੰ ਤਰਜੀਹ ਦੇ ਰਹੇ ਹਨ। ਸੂਤਰਾਂ ਮੁਤਾਬਕ ਦਲਬਦਲੀ ਦੀ ਖੇਡ ਅਗਲੇ ਮਹੀਨੇ ਖੁੱਲ੍ਹ ਤੇ ਸ਼ੁਰੂ ਹੋਏਗੀ। ਪਾਰਟੀਆਂ ਨੂੰ ਛੱਡਣ ਵਾਲੇ ਵਿਧਾਇਕ ਇਸ ਗੱਲ਼ ਤੋਂ ਡਰ ਰਹੇ ਹਨ ਕਿ ਉਨ੍ਹਾਂ ਨੂੰ ਜ਼ਿਮਨੀ ਚੋਣ ਦਾ ਸਾਹਮਣਾ ਨਾ ਕਰਨਾ ਪੈ ਜਾਵੇ। ਇਸ ਲਈ ਚੋਣਾਂ ਵਿੱਚ ਛੇ ਮਹੀਨੇ ਦਾ ਸਮਾਂ ਰਹਿਣ ਤੱਕ ਸਾਰੇ ਚੁੱਪ ਹਨ। ਇਸ ਤੋਂ ਮਗਰੋਂ ਵੱਡੇ ਧਮਾਕੇ ਹੋਣਗੇ। ਇਹ ਦਲਬਦਲੀ ਦੀ ਖੇਡ ਚੋਣ ਪਿੜ ਨੂੰ ਭਖਾ ਦਏਗੀ। ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਚਰਚਾ ਤੋਂ ਬਾਅਦ ਕਾਂਗਰਸ ਤੇ ਅਕਾਲੀ ਦਲ-ਬੀਜੇਪੀ ਚੌਕਸ ਹੋ ਗਏ ਹਨ। ਇਨ੍ਹਾਂ ਪਾਰਟੀਆਂ ਵੱਲੋਂ ਜਿੱਥੇ ਪਾਰਟੀਆਂ ਛੱਡ ਸਕਣ ਵਾਲੇ ਆਪਣੇ ਲੀਡਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ, ਉੱਥੇ ਵਿਰੋਧੀਆਂ ਦੇ ਲੀਡਰਾਂ ਨੂੰ ਪੱਟਣ ਦੀ ਵੀ ਕਵਾਇਦ ਵਿੱਢ ਦਿੱਤੀ ਹੈ। ਕਾਂਗਰਸ ਤਾਂ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਨੂੰ ਵੀ ਪਾਰਟੀ ਵਿੱਚ ਲਿਆਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ। ਇਸ ਲਈ ਅਗਸਤ ਤੋਂ ਅਸਲੀ ਸਿਆਸੀ ਖੇਡ ਸ਼ੁਰੂ ਹੋ ਰਹੀ ਹੈ ਜਿਹੜੀ ਪੰਜਾਬ ਦਾ ਅਸਲ ਸਿਆਸੀ ਦ੍ਰਿਸ਼ ਸਪਸ਼ਟ ਕਰ ਦੇਵੇਗੀ।