ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਦੇ ਤਿੰਨ ਮੌਜੂਦਾ ਵਿਧਾਇਕ ਰਾਣਾ ਗੁਰਮੀਤ ਸੋਢੀ, ਫਤਿਹ ਜੰਗ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਹੁਣ ਅਜਿਹੇ 'ਚ ਸਵਾਲ ਉੱਠ ਰਹੇ ਹਨ ਕਿ ਆਖਰ ਇਨ੍ਹਾਂ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ 'ਚ ਸ਼ਾਮਲ ਹੋਣ ਦੀ ਬਜਾਏ ਭਾਜਪਾ ਨੂੰ ਕਿਉਂ ਚੁਣਿਆ?
ਗੁਰੂਹਰਸਹਾਏ ਦੇ ਮੌਜੂਦਾ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ 21 ਦਸੰਬਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ, ਜਦੋਂਕਿ ਉਹ ਕੈਪਟਨ ਅਮਰਿੰਦਰ ਦੇ ਵਫ਼ਾਦਾਰ ਰਹੇ ਹਨ ਤੇ ਉਨ੍ਹਾਂ ਦੀ ਕੈਬਨਿਟ ਵਿੱਚ ਖੇਡ ਮੰਤਰੀ ਸੀ। ਕੈਪਟਨ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਸੋਢੀ ਨੇ ਕੈਪਟਨ ਦੇ ਧੜੇ ਵਿੱਚ ਹੋਣ ਦੇ ਬਾਵਜੂਦ ਪੀਐਲਸੀ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਨਹੀਂ ਕੀਤਾ। ਸ੍ਰੀ ਹਰਗੋਬਿੰਦਪੁਰ ਤੋਂ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਤੇ ਕਾਦੀਆਂ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਫਤਿਹ ਜੰਗ ਬਾਜਵਾ ਸਮੇਤ ਦੋ ਮੌਜੂਦਾ ਕਾਂਗਰਸੀ ਵਿਧਾਇਕ ਬੁੱਧਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ।
ਕਾਂਗਰਸ ਦੇ ਮੌਜੂਦਾ ਵਿਧਾਇਕ ਕਿਉਂ ਛੱਡ ਰਹੇ ਪਾਰਟੀ?
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਭਵਿੱਖ ਵਿੱਚ ਆਪਣੀ ਪਾਰਟੀ ਪੀਐਲਸੀ ਨੂੰ ਭਾਜਪਾ ਵਿੱਚ ਮਿਲਾ ਸਕਦੇ ਹਨ। ਉਨ੍ਹਾਂ ਦੇ ਨੇੜਲੇ ਆਗੂਆਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਕੈਪਟਨ ਦੀ ਰਲੇਵੇਂ ਦੀ ਨੀਤੀ ਤੇ ਭਵਿੱਖੀ ਸਿਆਸੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ।
ਉਧਰ, ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿੰਸ ਖੁੱਲਰ ਨੇ ਇਨ੍ਹਾਂ ਅਟਕਲਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਕਿ ਇਹ ਆਗੂ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਕਰਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਪ੍ਰਿੰਸ ਖੁੱਲਰ ਨੇ ਇਹ ਵੀ ਕਿਹਾ ਕਿ ਕਿਉਂਕਿ ਰਾਣਾ ਗੁਰਮੀਤ ਸੋਢੀ ਫਿਰੋਜ਼ਪੁਰ ਸ਼ਹਿਰ ਤੋਂ ਚੋਣ ਲੜਨਾ ਚਾਹੁੰਦੇ ਸੀ ਤੇ ਫਤਿਹ ਜੰਗ ਬਾਜਵਾ ਵੀ ਹਿੰਦੂ ਪੱਟੀ ਨਾਲ ਸਬੰਧਤ ਹਨ, ਇਹ ਭਾਜਪਾ ਦੀ ਰਵਾਇਤੀ ਸੀਟ ਹੈ, ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਭਾਜਪਾ ਗਠਜੋੜ ਸੀਟਾਂ ਦੀ ਵੰਡ ਦੇ ਤਰੀਕਿਆਂ 'ਤੇ ਕਰ ਰਿਹਾ ਕੰਮ
ਭਾਜਪਾ ਪਠਾਨਕੋਟ, ਭੋਆ, ਦੀਨਾਨਗਰ, ਜਲੰਧਰ ਉੱਤਰੀ, ਜਲੰਧਰ ਕੇਂਦਰੀ, ਮੁਕੇਰੀਆਂ, ਦਸੂਹਾ, ਆਨੰਦਪੁਰ ਸਾਹਿਬ, ਹੁਸ਼ਿਆਰਪੁਰ, ਫਾਜ਼ਿਲਕਾ, ਫਿਰੋਜ਼ਪੁਰ ਸਿਟੀ, ਅਬੋਹਰ, ਫਾਜ਼ਿਲਕਾ, ਫਗਵਾੜਾ ਤੇ ਸੁਜਾਨਪੁਰ ਸਮੇਤ 23 ਸ਼ਹਿਰੀ ਸੀਟਾਂ 'ਤੇ ਚੋਣ ਲੜ ਰਹੀ ਹੈ।
ਹਾਲਾਂਕਿ, ਪੀਐਲਸੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਅਗਵਾਈ ਵਾਲੇ ਮੋਰਚੇ ਨੇ ਅਜੇ ਸੀਟਾਂ ਦੀ ਵੰਡ ਬਾਰੇ ਫੈਸਲਾ ਕਰਨਾ ਹੈ। ਪਰ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸਾਂਝੀਆਂ ਪੇਂਡੂ ਸੀਟਾਂ 'ਤੇ ਚੋਣ ਲੜਨਗੇ।
ਇਹ ਵੀ ਪੜ੍ਹੋ: Health Tips: ਉੱਚੀ ਅੱਡੀ ਪਾਉਣ ਵਾਲੀਆਂ ਔਰਤਾਂ ਸਾਵਧਾਨ! ਇਨ੍ਹਾਂ ਸਿਹਤ ਸਮੱਸਿਆਵਾਂ ਦੀਆਂ ਹੋ ਸਕਦੀਆਂ ਸ਼ਿਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin