ਚੰਡੀਗੜ੍ਹ: ਕੋਰੋਨਾਵਾਇਰਸ ਦੇ ਚੱਲਦਿਆਂ ਪਾਵਰਕੌਮ ਵੱਲੋਂ ਬਿਜਲੀ ਬਿੱਲ ਭਰਨ ਦੀ ਆਖਰੀ ਤਾਰੀਖ ਵਧਾ ਕੇ ਹੁਣ 10 ਮਈ ਕਰ ਦਿੱਤੀ ਗਈ ਹੈ। ਜਿਨ੍ਹਾਂ ਖਪਤਕਾਰਾਂ ਦੀ ਬਿੱਲ ਭਰਨ ਦੀ ਤਾਰੀਖ 20 ਮਾਰਚ ਤੋਂ ਲੈ ਕੇ 9 ਮਈ ਤੱਕ ਤੈਅ ਸੀ, ਹੁਣ ਉਨ੍ਹਾਂ ਲਈ ਆਖਰੀ ਤਾਰੀਖ ਬਿਨਾਂ ਜੁਰਮਾਨਾ 10 ਮਈ ਕਰ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਜਿਹੜਾ ਖਪਤਕਾਰ 30 ਅਪ੍ਰੈਲ ਤੱਕ ਆਪਣਾ ਬਿੱਲ ਭਰੇਗਾ, ਉਹ 1 ਫੀਸਦੀ ਰਿਆਇਤ ਦਾ ਹੱਕਦਾਰ ਵੀ ਹੋਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਰੰਟ ਬਿੱਲ ਦੀ ਅਦਾਇਗੀ ’ਤੇ ਹੀ ਇੱਕ ਫੀਸਦੀ ਰਿਆਇਤ ਸੀ। ਜਿਸ ਦਾ ਘੇਰਾ ਵਧਾ ਕੇ ਹੁਣ ਇਸ ਰਿਆਇਤ ਵਿੱਚ ਡਿਫਾਲਟਰ ਖਪਤਕਾਰਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।
ਅਜਿਹੇ ਵਿੱਚ ਡਿਫਾਲਟਰ ਖਪਤਕਾਰ ਆਪਣੀ ਵਿੱਤੀ ਹੈਸੀਅਤ ਮੁਤਾਬਿਕ ਜਿੰਨੀ ਵੀ ਬਕਾਇਆ ਰਕਮ ਅਦਾ ਕਰੇਗਾ, ਉਸ ’ਤੇ ਇੱਕ ਫੀਸਦੀ ਰਿਆਇਤ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਫੈਸਲੇ ਵਿੱਚ ਇੱਕ ਫੀਸਦੀ ਰਿਆਇਤ 20 ਅਪ੍ਰੈਲ ਤੱਕ ਬਿੱਲ ਭਰਨ ’ਤੇ ਮਿਲਣੀ ਸੀ, ਜਦੋਂ ਕਿ ਹੁਣ ਇਹ ਰਿਆਇਤੀ ਬਿੱਲ ਦੀ ਤਾਰੀਕ ਵੀ ਵਧਾ ਕੇ 30 ਅਪ੍ਰੈਲ ਕਰ ਦਿੱਤੀ ਗਈ ਹੈ।
ਇਸੇ ਦੌਰਾਨ ਪਾਵਰਕੌਮ ਨੇ ਅੱਜ ਫਰਵਰੀ, ਮਾਰਚ ਤੇ ਅਪ੍ਰੈਲ ਦੌਰਾਨ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਪ੍ਰੀਵਜ਼ਨਲ ਪੈਨਸ਼ਨ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਕਰੀਬ 500 ਮੁਲਾਜ਼ਮਾਂ ਨੂੰ ਵਿੱਤੀ ਫਾਇਦਾ ਹੋਵੇਗਾ।