ਫਗਵਾੜਾ: ਪੀਜੀਆਈ ਵਿਖੇ ਸਰਜਰੀ ਲਈ ਦਾਖਲ ਛੇ ਮਹੀਨੇ ਦੀ ਬੱਚੀ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਹੈ। ਜਦੋਂ ਤੱਕ ਲੜਕੀ ਦੀ ਰਿਪੋਰਟ ਪੌਜ਼ੇਟਿਵ ਆਈ, ਉਸ ਦਾ ਬਾਕੀ ਬੱਚਿਆਂ ਦੇ ਨਾਲ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਵਿਖੇ ਇਲਾਜ ਚੱਲ ਰਿਹਾ ਸੀ। ਅਣਜਾਣੇ ‘ਚ ਦਰਜਨਾਂ ਲੋਕ ਬੱਚੀ ਦੇ ਸੰਪਰਕ ‘ਚ ਆ ਗਏ। ਜਲਦਬਾਜ਼ੀ ‘ਚ ਪੀਜੀਆਈ ਦੇ 18 ਡਾਕਟਰਾਂ ਸਮੇਤ 54 ਪੀਜੀਆਈ ਸਟਾਫ ਨੂੰ ਤੁਰੰਤ ਕਵਾਰੰਟੀਨ ਕੀਤਾ ਗਿਆ ਹੈ।


ਫਗਵਾੜਾ ਦੀ ਬੱਚੀ ਦੇ ਦਿਲ ‘ਚ ਛੇਦ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ 9 ਅਪ੍ਰੈਲ ਨੂੰ ਪੀਜੀਆਈ ‘ਚ ਦਾਖਲ ਕਰਵਾਇਆ, ਜਿਸ ਤੋਂ ਬਾਅਦ ਉਸ ਦੀ ਦਿਲ ਦੀ ਓਪਨ ਸਰਜਰੀ ਹੋਈ। ਸਰਜਰੀ ਤੋਂ ਬਾਅਦ ਬੱਚੀ ਸਿਹਤਮੰਦ ਸੀ ਅਤੇ ਤੇਜ਼ੀ ਨਾਲ ਠੀਕ ਹੋ ਰਹੀ ਸੀ। ਉਹ ਪਿਛਲੇ ਦੋ ਦਿਨਾਂ ਤੋਂ ਇਨਫੈਕਸ਼ਨ ਨਾਲ ਪੀੜਤ ਸੀ। ਡਾਕਟਰਾਂ ਨੇ ਮੰਗਲਵਾਰ ਦੁਪਹਿਰ ਨੂੰ ਉਸ ਦਾ ਕੋਰੋਨਾ ਟੈਸਟ ਕੀਤਾ।ਰਿਪੋਰਟ ਆਉਣ ਤੋਂ ਬਾਅਦ ਬੱਚੀ ਨੂੰ ਕੋਰੋਨਾ ਵਾਰਡ ‘ਚ ਤਬਦੀਲ ਕਰ ਦਿੱਤਾ ਗਿਆ ਹੈ।

ਸੰਕਰਮਿਤ ਬੱਚੀ ਤੋਂ ਇਲਾਵਾ ਹੋਰ ਚਾਰ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਵੀ ਐਡਵਾਂਸਡ ਪੀਡੀਆਟ੍ਰਿਕ ਸੈਂਟਰ ‘ਚ ਰਹਿ ਰਹੇ ਸਨ। ਪੀਜੀਆਈ ਦੇ ਬੁਲਾਰੇ ਅਨੁਸਾਰ ਲੜਕੀ ਦੇ ਸੰਪਰਕ ‘ਚ ਬੱਚਿਆਂ ਦੇ 18 ਡਾਕਟਰ, ਰੇਡੀਓਲੋਜੀ ਅਤੇ ਕਾਰਡੀਓਲੌਜੀ, 15 ਨਰਸਿੰਗ ਅਧਿਕਾਰੀ, ਹਸਪਤਾਲ ਅਤੇ ਸੈਨੀਟੇਸ਼ਨ ਅਟੈਂਡੈਂਟ 13, ਫਿਜ਼ੀਓਥੈਰਾਪਿਸਟ 2, ਐਕਸਰੇ ਟੈਕਨੀਸ਼ੀਅਨ ਅਤੇ ਰੇਡੀਓਲਾਜੀ ਨਰਸਿੰਗ ਅਫਸਰ 6 ਸ਼ਾਮਲ ਹਨ।