ਜਲੰਧਰ: ਕੈਪਟਨ ਸਰਕਾਰ ਬਣਨ ਤੋਂ ਬਾਅਦ ਰੋਡਵੇਜ਼ ਦਾ 'ਭਲਾ' ਹੋਣ ਦਾ ਇੰਤਜ਼ਾਰ ਕਰ ਰਹੇ ਰੋਡਵੇਜ਼ ਕਰਮਚਾਰੀਆਂ ਦੀਆਂ ਉਮੀਦਾਂ ਵੀ ਸਰਕਾਰ ਤੋਂ ਖਤਮ ਹੁੰਦੀਆਂ ਜਾ ਰਹੀਆਂ ਹਨ। ਸਰਕਾਰ ਬਣੇ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਪਰ ਅਜੇ ਤੱਕ ਸਰਕਾਰ ਕੋਈ ਨੀਤੀ ਵੀ ਨਹੀਂ ਬਣਾ ਸਕੀ। ਸੜਕਾਂ 'ਤੇ ਸਿਆਸੀ ਲੀਡਰਾਂ ਦੀਆਂ ਬੱਸਾਂ ਉਸੇ ਤਰ੍ਹਾਂ ਚੱਲ ਰਹੀਆਂ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਰੋਡਵੇਜ਼ ਕਰਮਚਾਰੀਆਂ ਨੇ ਅੱਜ ਬੱਸਾਂ ਨਹੀਂ ਚਲਾਈਆਂ। ਬੱਸ ਅੱਡੇ ਸੁਨਸਾਨ ਰਹੇ ਤੇ ਲੋਕਾਂ ਨੇ ਪ੍ਰਾਈਵੇਟ ਬੱਸਾਂ ਵਿੱਚ ਸਫਰ ਕਰਕੇ ਟਾਈਮ ਕੱਢਿਆ।


ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਗਿੱਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸਰਕਾਰ ਬਣਨ ਤੋਂ ਪਹਿਲਾਂ ਬੜੇ ਲਾਰੇ ਲਾਏ ਕਿ ਸਾਨੂੰ ਵੋਟਾਂ ਪਾਓ। ਸਰਕਾਰ ਬਣਨ 'ਤੇ ਲੀਡਰਾਂ ਦੀਆਂ ਬੱਸਾਂ 'ਤੇ ਪੋਚਾ ਫੇਰ ਕੇ ਰੋਡਵੇਜ਼ ਜਾਂ ਪਨਬਸ ਲਿਖ ਦਿਆਂਗੇ। ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਨੇ ਸਾਨੂੰ ਕੋਈ ਭਰੋਸਾ ਵੀ ਨਹੀਂ ਦਿੱਤਾ। 10 ਸਾਲ ਸਾਡਾ ਕੱਦੂਕੱਸ ਅਕਾਲੀ ਸਰਕਾਰ ਨੇ ਕੀਤਾ ਹੈ।

ਰੋਡਵੇਜ਼ ਕਰਮਚਾਰੀਆਂ ਦਾ ਕਹਿਣਾ ਹੈ ਕਿ ਇੱਕ ਸਾਲ ਬੀਤਣ ਤੋਂ ਬਾਅਦ ਵੀ ਬਾਦਲ ਪਰਿਵਾਰ ਦੀਆਂ ਬੱਸਾਂ ਜਾਂ ਹੋਰ ਪ੍ਰਾਈਵੇਟ ਬੱਸਾਂ 'ਤੇ ਕੋਈ ਐਕਸ਼ਨ ਨਹੀਂ ਹੋਇਆ। ਰੋਡਵੇਜ਼ ਵਿੱਚ ਠੇਕੇ 'ਤੇ ਕੰਮ ਕਰ ਰਹੇ ਕਾਮਿਆਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਕੋਈ ਗੱਲ ਅੱਗੇ ਨਹੀਂ ਤੁਰ ਰਹੀ। ਤਿੰਨ ਡੀਏ ਦੀਆਂ ਕਿਸ਼ਤਾਂ ਇਕੱਠੀਆਂ ਹੋ ਗਈਆਂ ਹਨ ਪਰ ਸਰਕਾਰ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਹੀ।