ਚੰਡੀਗੜ੍ਹ: ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਾ ਮਿਲਣ ਦਾ ਵੱਡਾ ਸੱਚ ਸਾਹਮਣੇ ਆਇਆ ਹੈ। ਸੀਬੀਆਈ ਨੇ ਖੁਲਾਸਾ ਕੀਤਾ ਹੈ ਕਿ ਪੁਲਿਸ ਖੁਦ ਹੀ ਨਿਆਂ ਦਵਾਉਣ ਦੇ ਰਾਹ ਵਿੱਚ ਰੋੜੇ ਅਟਕਾ ਰਹੀ ਸੀ। ਇਹ ਖੁਲਾਸਾ ਸੀਬੀਆਈ ਨੇ ਦਿੱਲੀ ਦੀ ਇੱਕ ਅਦਾਲਤ ਵਿੱਚ ਕੀਤਾ ਹੈ।


ਸੀਬੀਆਈ ਨੇ ਅਦਾਲਤ ਵਿੱਚ ਦੱਸਿਆ ਕਿ ਦਿੱਲੀ ਪੁਲਿਸ ਨੇ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਕਥਿਤ ਸ਼ਮੂਲੀਅਤ ਬਾਰੇ ਗਵਾਹ ਦੇ ਬਿਆਨ ਹੀ ਸਹੀ ਢੰਗ ਨਾਲ ਦਰਜ ਨਹੀਂ ਕੀਤੇ ਸੀ। ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਪੜਤਾਲ ਦੌਰਾਨ ਪਤਾ ਲੱਗਿਆ ਕਿ ਸਰਕਾਰੀ ਪੱਖ ਦੀ ਮੁੱਖ ਗਵਾਹ ਸ਼ੀਲਾ ਕੌਰ ਦਾ ਪੁਲਿਸ ਅਧਿਕਾਰੀਆਂ ਵੱਲੋਂ 1985 ਵਿੱਚ ਦਰਜ ਕੀਤਾ ਗਿਆ ਬਿਆਨ ਜਾਅਲੀ ਸੀ। ਇਹ ਬਿਆਨ ਪੁਲਿਸ ਨੇ ਖ਼ੁਦ ਹੀ ਤਿਆਰ ਕੀਤਾ ਸੀ।

ਸੀਬੀਆਈ ਨੇ ਇਹ ਪ੍ਰਗਟਾਵਾ ਪੱਛਮੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ ਹੋਏ ਦੰਗਿਆਂ ਦੇ ਸਬੰਧ ਵਿੱਚ ਕੀਤਾ ਹੈ, ਜਿੱਥੇ ਸੱਜਣ ਕੁਮਾਰ ਦੋ ਹੋਰ ਵਿਅਕਤੀਆ ਦੇ ਨਾਲ ਮੁਲਜ਼ਮ ਹੈ। ਇਸ ਕੇਸ ਦੀ ਸੁਣਵਾਈ ਦੀ ਵੀਡੀਓ ਰਿਕਾਡਿੰਗ ਕੀਤੀ ਜਾ ਰਹੀ ਹੈ ਤੇ ਕੇਸ ਦੀ ਸੁਣਵਾਈ ਜ਼ਿਲ੍ਹਾ ਜੱਜ ਪੂਨਮ ਏ ਬਾਂਬਾ ਦੀ ਅਦਾਲਤ ਵਿੱਚ ਚੱਲ ਰਹੀ ਹੈ। ਅਦਾਲਤ ਨੇ ਇਸ ਕੇਸ ਦੀ ਸੁਣਵਾਈ 6 ਮਾਰਚ ਤਕ ਮੁਲਤਵੀ ਕਰ ਦਿੱਤੀ ਹੈ।

ਉਧਰ ਇਸ ਕੇਸ ਵਿੱਚ ਪੀੜਤ ਧਿਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਕਿਹਾ ਕਿ ਸੀਬੀਆਈ ਦਾ ਬਿਆਨ ਉਦੋਂ ਆਇਆ ਹੈ ਜਦੋਂ ਸੱਜਣ ਕੁਮਾਰ ਦਾ ਵਕੀਲ, ਗਵਾਹ ਸ਼ੀਲਾ ਕੌਰ ਨਾਲ ਜ਼ਿਰ੍ਹਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਵਿਵਾਦ ਪੈਦਾ ਕਰਨਾ ਚਾਹੁੰਦੀ ਹੈ ਜਦੋਂਕਿ ਇਹ ਬਿਆਨ ਸੀਆਰਪੀਸੀ ਦੀ ਧਾਰਾ 161 ਤਹਿਤ ਦਰਜ ਕੀਤੇ ਗਏ ਹਨ। ਅਦਾਲਤੀ ਕਾਰਵਾਈ ਦੌਰਾਨ ਸੱਜਣ ਕੁਮਾਰ ਦੇ ਵਕੀਲ ਨੇ ਕਿਹਾ ਕਿ ਸ਼ੀਲਾ ਕੌਰ ਨੇ ਸੱਜਣ ਕੁਮਾਰ ਦਾ ਨਾਂ ਨਹੀਂ ਲਿਆ। ਦੂਜੇ ਪਾਸੇ ਫੂਲਕਾ ਦਾ ਕਹਿਣਾ ਹੈ ਸ਼ੀਲਾ ਕੌਰ ਨੇ ਹਮੇਸ਼ਾਂ ਸੱਜਣ ਕੁਮਾਰ ਦਾ ਨਾਂ ਲਿਆ ਹੈ।