ਅੰਮ੍ਰਿਤਸਰ: ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਦੇ ਮੁਲਾਜ਼ਮਾਂ ਨੇ ਅੱਜ ਮੁਕੰਮਲ ਹੜਤਾਲ ਕੀਤੀ ਜਿਸ ਕਰਕੇ ਵੱਖ-ਵੱਖ ਲੰਮੇ ਰੂਟਾਂ 'ਤੇ ਜਾਣ ਵਾਲੀਆਂ ਕਰੀਬ 100 ਬੱਸਾਂ ਨੂੰ ਰੋਕ ਦਿੱਤਾ ਗਿਆ। ਬੱਸਾਂ ਨਾ ਚੱਲਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਇਸ ਦੌਰਾਨ ਅੰਮ੍ਰਿਤਸਰ ਤੋਂ ਦਿੱਲੀ, ਚੰਡੀਗੜ੍ਹ, ਦੇਹਰਾਦੂਨ ਤੇ ਜੰਮੂ ਆਦਿ ਨੂੰ ਜਾਣ ਵਾਲੇ ਰੂਟ ਪ੍ਰਭਾਵਿਤ ਹੋਏ। ਇਨ੍ਹਾਂ ਰਾਹਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਰੋਡਵੇਜ਼ ਅੰਮ੍ਰਿਤਸਰ ਦੇ ਡਿਪੂ ਨੰਬਰ ਇੱਕ ਦੇ ਠੇਕੇ 'ਤੇ ਰੱਖੇ ਡਰਾਈਵਰਾਂ ਤੇ ਕੰਡਕਟਰਾਂ ਨੇ ਅੱਜ ਹੜਤਾਲ ਕਰਕੇ ਡਿਪੂ ਦੇ ਜੀਐਮ ਦਾ ਪੁਤਲਾ ਸਾੜਿਆ। ਦਰਅਸਲ ਅੰਮ੍ਰਿਤਸਰ ਰੋਡਵੇਜ਼ ਦੀ ਬੱਸ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦਾ ਤਿੰਨ ਲੱਖ ਰੁਪਏ ਜ਼ੁਰਮਾਨਾ ਪਿਆ। ਹੁਣ ਰੋਡਵੇਜ਼ ਦੇ ਜੀਐਮ ਤੇ ਠੇਕੇਦਾਰ ਦੋ ਮਹੀਨਿਆਂ ਲਈ ਜ਼ਬਰਦਸਤੀ ਹਰ ਮੁਲਾਜ਼ਮ ਕੋਲੋਂ ਤਿੰਨ ਹਜ਼ਾਰ ਰੁਪਏ ਕੱਟਣ ਜਾ ਰਹੇ ਹਨ ਜੋ ਉਨ੍ਹਾਂ ਨਾਲ ਸ਼ਰ੍ਹੇਆਮ ਧੱਕਾਸ਼ਾਹੀ ਹੈ। ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੀ ਤਨਖ਼ਾਹ ਹੀ 2800 ਰੁਪਏ ਹੈ। ਜੇ ਇਸ ਵਿੱਚੋਂ ਵੀ ਤਿੰਨ ਹਜ਼ਾਰ ਰੁਪਏ ਕੱਟੇ ਜਾਣਗੇ ਤਾਂ ਉਨ੍ਹਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ? ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਮਨਜ਼ੂਰ ਨਹੀਂ। ਮੁਲਾਜ਼ਮਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਉਹ ਠੇਕੇਦਾਰ ਨੂੰ ਹਰ ਮਹੀਨੇ 400 ਰੁਪਏ ਅਜਿਹੇ ਹਾਦਸਿਆਂ ਨਾਲ ਨਜਿੱਠਣ ਲਈ ਹੀ ਦਿੰਦੇ ਹਨ। ਦੂਜੇ ਪਾਸੇ ਅੰਮ੍ਰਿਤਸਰ ਬੱਸ ਸਟੈਂਡ 'ਤੇ ਵੀ ਇਸ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ। ਰੋਡਵੇਜ਼ ਦੇ ਕਾਊਂਟਰ ਬੰਦ ਸਨ ਤੇ ਨਿੱਜੀ ਕੰਪਨੀਆਂ ਰੱਜ ਕੇ ਇਸ ਦਾ ਫਾਇਦਾ ਚੁੱਕ ਰਹੀਆਂ ਹਨ। ਪਰ ਇਸ ਨਾਲ ਯਾਤਰੀ ਵੀ ਖ਼ਾਸੇ ਪਰੇਸ਼ਾਨ ਹੋ ਰਹੇ ਹਨ। ਯਾਤਰੀਆਂ ਨੇ ਕਿਹਾ ਕਿ ਅਜਿਹੀ ਹੜਤਾਲ ਨਹੀਂ ਹੋਣੀ ਚਾਹੀਦੀ ਤੇ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।