ਚੰਡੀਗੜ੍ਹ: ਦਿੱਲੀ ਪੁਲਿਸ ਵੱਲੋਂ ਸਿੱਖ ਪਿਓ-ਪੁੱਤ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਤੋਂ ਦਿੱਲੀ ਹਾਈਕੋਰਟ ਕਾਫੀ ਖਫਾ ਹੈ। ਪੁਲਿਸ ਹੁਣ ਤੱਕ ਗ੍ਰਾਮੀਣ ਸੇਵਾ ਦੇ ਆਟੋ ਚਾਲਕ ਸਰਬਜੀਤ ਸਿੰਘ ਨੂੰ ਹੀ ਅਪਰਾਧੀ ਬਿਰਤੀ ਵਾਲੀ ਸਾਬਤ ਕਰਕੇ ਬਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅਦਾਲਤ ਨੇ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਅਦਾਲਤ ਨੇ ਸਪਸ਼ਟ ਕਿਹਾ ਹੈ ਕਿ ‘ਵੀਡੀਓ ਪੁਲਿਸ ਦੀ ਦਰਿੰਦਗੀ ਦਾ ਜਿੰਦਾ-ਜਾਗਦਾ ਸਬੂਤ ਹੈ। ਵਰਦੀਧਾਰੀ ਬਲ ਨੂੰ ਅਜਿਹਾ ਕਾਰਾ ਕਦੇ ਵੀ ਨਹੀਂ ਕਰਨਾ ਚਾਹੀਦਾ।

ਜਸਟਿਸ ਜਯੰਤ ਨਾਥ ਤੇ ਜਸਟਿਸ ਨਜਮੀ ਵਜ਼ੀਰੀ ਦੇ ਬੈਂਚ ਨੇ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਦਾ ਵੀਡੀਓ ਦੇਖਣ ਮਗਰੋਂ ਕਿਹਾ,‘‘ਤੁਸੀਂ 15 ਸਾਲਾਂ ਦੇ ਲੜਕੇ ਨੂੰ ਕੁੱਟਣ ਦੇ ਮਾਮਲੇ ਨੂੰ ਕਿਵੇਂ ਜਾਇਜ਼ ਠਹਿਰਾ ਸਕਦੇ ਹੋ? ਜੇਕਰ ਇਹ ਪੁਲਿਸ ਦੀ ਦਰਿੰਦਗੀ ਦਾ ਸਬੂਤ ਨਹੀਂ ਤਾਂ ਫਿਰ ਤੁਹਾਨੂੰ ਹੋਰ ਕੀ ਚਾਹੀਦਾ ਹੈ।’’ ਬੈਂਚ ਨੇ ਕਿਹਾ ਕਿ ਜੇਕਰ ਵਰਦੀਧਾਰੀ ਬਲ ਅਜਿਹੇ ਢੰਗ ਨਾਲ ਕੰਮ ਕਰਨਗੇ ਤਾਂ ਇਸ ਨਾਲ ਨਾਗਰਿਕਾਂ ’ਚ ਖ਼ੌਫ਼ ਪੈਦਾ ਹੋਵੇਗਾ ਜਦਕਿ ਉਨ੍ਹਾਂ ਨੂੰ ਇਹ ਮਹਿਸੂਸ ਕਰਾਉਣ ਦੀ ਲੋੜ ਹੈ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੈ।

ਘਟਨਾ ਦੀ ਸੀਬੀਆਈ ਤੋਂ ਜਾਂਚ ਕਰਾਉਣ ਬਾਰੇ ਦਾਖ਼ਲ ਜਨਹਿੱਤ ਪਟੀਸ਼ਨ ’ਤੇ ਕੇਂਦਰ, ‘ਆਪ’ ਸਰਕਾਰ ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਦਿਆਂ ਹਾਈਕੋਰਟ ਨੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਬੈਂਚ ਨੇ ਜਾਇੰਟ ਕਮਿਸ਼ਨਰ ਪੁਲਿਸ ਰੈਂਕ ਦੇ ਅਧਿਕਾਰੀ ਤੋਂ ਘਟਨਾ ਬਾਬਤ ਨਿਰਪੱਖ ਰਿਪੋਰਟ ਹਫ਼ਤੇ ਅੰਦਰ ਮੰਗਦਿਆਂ ਕੇਸ ਦੀ ਸੁਣਵਾਈ ਦੋ ਜੁਲਾਈ ਲਈ ਤੈਅ ਕਰ ਦਿੱਤੀ।

ਉਧਰ, ਇਹ ਮਾਮਲਾ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਤੇ ਦਿੱਲੀ ਘੱਟ ਗਿਣਤੀ ਕਮਿਸ਼ਨ ਕੋਲ ਪੁੱਜ ਗਿਆ ਹੈ। ਮਾਮਲੇ ਨੂੰ ਲੈ ਕੇ ਆਈਆਂ ਸ਼ਿਕਾਇਤਾਂ ਬਾਰੇ ਕੌਮੀ ਘੱਟ ਗਿਣਤੀ ਕਮਿਸ਼ਨ ਅੱਜ 20 ਜੂਨ ਨੂੰ ਬੈਠਕ ਕਰੇਗਾ।