ਚੰਡੀਗੜ੍ਹ: ਬੇਸ਼ੱਕ ਪੰਜਾਬ ਵਿੱਚ ਆਟਾ-ਦਾਲ ਸਕੀਮ ਕਾਫੀ ਸਮੇਂ ਤੋਂ ਚੱਲ ਰਹੀ ਹੈ । ਪਰ ਕੌਮੀ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਕਰਨ ਵਿੱਚ ਸੂਬਾ ਅਜੇ ਵੀ 16ਵੇਂ ਨੰਬਰ ਉੱਪਰ ਹੈ। ਇਸ ਦੇ ਨਾਲ ਹੀ ਹੁਣ ਤੱਕ ਦੀਆਂ ਸਰਕਾਰਾਂ ਉੱਪਰ ਵੀ ਸਵਾਲ ਖੜ੍ਹੇ ਹੋ ਗਏ ਹਨ । 


ਇਸ ਬਾਰੇ ਖੁਲਾਸਾ ਕਰਦਿਆਂ ਕੇਂਦਰੀ ਖੁਰਾਕ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਰਾਸ਼ਨ ਡਿਪੂਆਂ ਕੌਮੀ ਖੁਰਾਕ ਸੁਰੱਖਿਆ ਕਾਨੂੰਨ (ਐਨਐਫਐਸਏ) ਨੂੰ ਲਾਗੂ ਕਰਨ ਵਾਲੇ ਰਾਜਾਂ ਦੀ ਰੈਂਕਿੰਗ ਵਿੱਚ ਉੜੀਸਾ ਸਿਖ਼ਰ 'ਤੇ ਹੈ । ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦਾ ਨੰਬਰ ਆਉਂਦਾ ਹੈ, ਜਦਕਿ ਪੰਜਾਬ ਦਾ ਸਥਾਨ 16ਵਾਂ ਹੈ । 


ਪੀਯੂਸ਼ ਗੋਇਲ ਨੇ ਇੱਥੇ ਭਾਰਤ ਵਿੱਚ ਖੁਰਾਕ ਸੁਰੱਖਿਆ ਤੇ ਪੋਸ਼ਣ ਬਾਰੇ ਰਾਜਾਂ ਦੇ ਖੁਰਾਕ ਮੰਤਰੀਆਂ ਦੀ ਕਾਨਫਰੰਸ ਦੌਰਾਨ ਐਨਐਫਐਸਏ-2022 ਲਈ ਰਾਜਾਂ ਦਾ ਦਰਜਾਬੰਦੀ ਜਾਰੀ ਕੀਤੀ। ਵਿਸ਼ੇਸ਼ ਸ਼੍ਰੇਣੀ ਦੇ ਰਾਜਾਂ (ਉੱਤਰ-ਪੂਰਬੀ ਰਾਜ, ਹਿਮਾਲਿਆ ਰਾਜ ਤੇ ਟਾਪੂ ਰਾਜ) ਵਿੱਚੋਂ ਤ੍ਰਿਪੁਰਾ ਪਹਿਲੇ ਸਥਾਨ 'ਤੇ ਰਿਹਾ । 


ਇਸ ਤੋਂ ਬਾਅਦ ਕ੍ਰਮਵਾਰ ਹਿਮਾਚਲ ਪ੍ਰਦੇਸ਼ ਤੇ ਸਿੱਕਮ ਦਾ ਨੰਬਰ ਆਉਂਦਾ ਹੈ । ਰੈਂਕਿੰਗ ਅਨੁਸਾਰ ਉੜੀਸਾ 0.836 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਿਹਾ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ (0.797 ਅੰਕ) ਤੇ ਆਂਧਰਾ ਪ੍ਰਦੇਸ਼ (0.794) ਹਨ । ਇਸ ਸੂਚੀ 'ਚ ਗੁਜਰਾਤ ਚੌਥੇ ਨੰਬਰ 'ਤੇ ਹੈ । ਇਸ ਤੋਂ ਬਾਅਦ ਸੂਚੀ ਵਿੱਚ ਸ਼ਾਮਲ ਹੋਰ ਰਾਜਾਂ ਵਿੱਚ ਦਾਦਰ ਅਤੇ ਨਗਰ ਹਵੇਲੀ, ਦਮਨ, ਮੱਧ ਪ੍ਰਦੇਸ਼, ਬਿਹਾਰ, ਕਰਨਾਟਕ, ਤਾਮਿਲਨਾਡੂ ਅਤੇ ਝਾਰਖੰਡ ਸ਼ਾਮਲ ਹਨ । 


ਕੇਰਲ ਦੀ ਰੈਂਕਿੰਗ 11ਵੀਂ ਹੈ । ਤਿਲੰਗਾਨਾ 12ਵੇਂ, ਮਹਾਰਾਸ਼ਟਰ 13ਵੇਂ, ਪੱਛਮੀ ਬੰਗਾਲ 14ਵੇਂ ਤੇ ਰਾਜਸਥਾਨ 15ਵੇਂ ਸਥਾਨ 'ਤੇ ਹ ਨ। ਪੰਜਾਬ 16ਵੇਂ ਸਥਾਨ 'ਤੇ ਹੈ । ਪੰਜਾਬ ਤੋਂ ਬਾਅਦ ਹਰਿਆਣਾ, ਛੱਤੀਸਗੜ੍ਹ ਅਤੇ ਗੋਆ ਦਾ ਨੰਬਰ ਆਉਂਦਾ ਹੈ ।