ਪਿਛਲੇ ਕੁੱਝ ਦਿਨਾਂ ਤੋਂ ਰਾਵੀ ਦਰਿਆ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਦਿਨਾਨਗਰ ਹਲਕੇ ਅਤੇ ਡੇਰਾ ਬਾਬਾ ਨਾਨਕ ਸਮੇਤ ਪੰਜਾਬ ਦੇ ਕਈ ਹੋਰ ਜ਼ਿਲ੍ਹੇ ਹੜ੍ਹ ਦੀ ਚਪੇਟ 'ਚ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਲੋਕਾਂ ਨੂੰ ਆਪਣੇ ਪਸ਼ੂਆਂ ਨਾਲੋਂ ਇਲਾਵਾ ਕਈ ਘਰੇਲੂ ਸਮਾਨ ਵੀ ਗਵਾਉਣਾ ਪਿਆ। ਇਸ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ 31 ਅਗਸਤ ਤੱਕ ਛੁੱਟੀਆਂ ਐਲਾਨੀਆਂ ਹਨ।

ਸੜਕਾਂ ਖਰਾਬ ਹੋ ਚੁੱਕੀਆਂ, ਸਕੂਲਾਂ 'ਚ 5-6 ਫੁੱਟ ਪਾਣੀ

ਹਾਲਾਂਕਿ, ਜੇ ਸੀਮਾਵਰਤੀ ਖੇਤਰ ਦਿਨਾਨਗਰ ਹਲਕੇ ਅਤੇ ਡੇਰਾ ਬਾਬਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਇਲਾਕਿਆਂ ਦੇ ਕਈ ਸਕੂਲਾਂ ਵਿੱਚ 5 ਤੋਂ 6 ਫੁੱਟ ਤੱਕ ਪਾਣੀ ਖੜ੍ਹਾ ਦੇਖਿਆ ਗਿਆ, ਜਿਸ ਕਾਰਨ ਸਕੂਲਾਂ ਦੇ ਅੰਦਰ ਕਾਫ਼ੀ ਮਿੱਟੀ ਜੰਮ ਗਈ ਹੈ। ਇਸ ਦੌਰਾਨ, ਜੇ ਹੜ੍ਹ ਕਾਰਨ ਆਉਣ-ਜਾਣ ਵਾਲੀਆਂ ਸੜਕਾਂ ਦੀ ਗੱਲ ਕੀਤੀ ਜਾਵੇ, ਤਾਂ ਕਈ ਸੜਕਾਂ ਖਰਾਬ ਹੋ ਚੁੱਕੀਆਂ ਹਨ। ਇਸ ਕਰਕੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਮਾਪੇ ਆਪਣੇ ਬੱਚਿਆਂ ਦੇ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦੀ ਮੰਗ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਢੰਗ ਨਾਲ ਸਫਾਈ ਹੋਣੀ ਲਾਜ਼ਮੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਫੈਲ ਸਕੇ।

ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਾਪਿਆਂ ਦੀ ਮੰਗ, ਬੱਚਿਆਂ ਦੀ ਛੁੱਟੀ ਵਧਾਈ ਜਾਏ

ਕਈ ਇਲਾਕਿਆਂ ਵਿੱਚ ਅੱਜ ਵੀ ਸਕੂਲਾਂ ਵਿੱਚ ਪਾਣੀ ਖੜ੍ਹਾ ਹੋਇਆ ਹੈ। ਇਸ ਮੌਕੇ 'ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਜੁੜੇ ਸਕੂਲੀ ਬੱਚਿਆਂ ਦੇ ਮਾਪੇ ਪ੍ਰੇਸ਼ਾਨ ਹਨ ਤੇ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਛੁੱਟੀਆਂ ਵਧਾਈਆਂ ਜਾਣ ਤਾਂ ਜੋ ਬੱਚਿਆਂ ਨੂੰ ਸਕੂਲਾਂ ਵਿੱਚ ਸਾਫ਼-ਸੁਥਰਾ ਮਾਹੌਲ ਮਿਲ ਸਕੇ ਅਤੇ ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਹੋ ਸਕੇ।

ਪ੍ਰਸ਼ਾਸ਼ਨ ਨੇ ਆਖੀ ਇਹ ਗੱਲ

ਇਸ ਦੌਰਾਨ, ਜਦੋਂ ਇਸ ਸਬੰਧ ਵਿੱਚ ਐਸ.ਡੀ.ਐਮ ਦਿਨਾਨਗਰ ਜਸਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਛੁੱਟੀਆਂ ਵਧਾਉਣ ਬਾਰੇ ਚਰਚਾ ਲਈ ਜਲਦੀ ਹੀ ਇੱਕ ਮੀਟਿੰਗ ਕੀਤੀ ਜਾਵੇਗੀ। ਬੱਚਿਆਂ ਦੇ ਸਕੂਲ ਆਉਣ ਤੋਂ ਪਹਿਲਾਂ ਸਕੂਲਾਂ ਵਿੱਚ ਸਫਾਈ ਦੇ ਢੰਗ ਨਾਲ ਪ੍ਰਬੰਧ ਹੋਣ ਤੇ ਹੜ੍ਹ ਨਾਲ ਹੋਏ ਹੋਰ ਨੁਕਸਾਨ ਦੀ ਸਥਿਤੀ ਪੂਰੀ ਤਰ੍ਹਾਂ ਸੁਧਰ ਜਾਣ ਤੋਂ ਬਾਅਦ ਹੀ ਸਕੂਲ ਆਮ ਤੌਰ 'ਤੇ ਖੋਲ੍ਹੇ ਜਾਣਗੇ।