Punjab Singer Moose Wala Murder: ਜਿਵੇਂ-ਜਿਵੇਂ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਅੱਗੇ ਵਧ ਰਹੀ ਹੈ, ਤਿਵੇਂ-ਤਿਵੇਂ ਹੈਰਾਨ ਕਰਨ ਵਾਲੇ ਦਾਅਵੇ ਹੋ ਰਹੇ ਹਨ। ਬੇਸ਼ੱਕ ਇਨ੍ਹਾਂ ਦਾਅਵਿਆਂ ਦੀ ਅਜੇ ਕੋਈ ਪੁਸ਼ਟੀ ਨਹੀਂ ਹੁੰਦੀ ਪਰ ਇਹ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਹਨ। ਹੁਣ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੂਸੇਵਾਲਾ ਕਤਲ ਕਾਂਡ 'ਚ ਪਾਕਿਸਤਾਨ 'ਚ ਬੈਠੇ ਖਾਲਿਸਤਾਨੀ ਰਵਿੰਦਰ ਸਿੰਘ ਉਰਫ਼ ਰਿੰਦਾ ਦੇ ਤਾਰ ਜੁੜੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਪੁਣੇ ਪੁਲਿਸ ਵੱਲੋਂ ਫੜੇ ਗਏ ਮਹਾਕਾਲ ਨੇ ਪੁੱਛਗਿੱਛ ਤੋਂ ਬਾਅਦ ਕਈ ਖੁਲਾਸੇ ਕੀਤੇ। ਸੂਤਰਾਂ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਮਹਾਕਾਲ ਨੇ ਦੱਸਿਆ ਹੈ ਕਿ ਲਾਰੈਂਸ ਬਿਸ਼ਨੋਈ ਪਾਕਿਸਤਾਨ ਬੈਠੇ ਹਰਵਿੰਦਰ ਸਿੰਘ ਉਰਫ ਰਿੰਦਾ ਲਈ ਕੰਮ ਕਰਦਾ ਹੈ।


ਮਹਾਕਾਲ ਨੇ ਪੁਲਿਸ ਕੋਲ ਦਾਅਵਾ ਕੀਤਾ ਹੈ ਕਿ ISI ਦੇ ਇਸ਼ਾਰੇ 'ਤੇ ਪੰਜਾਬ 'ਚ ਅਸਥਿਰਤਾ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਅੱਤਵਾਦੀ ਰਿੰਦਾ ਨੇ ਆਈਐਸਆਈ ਦੇ ਨਾਪਾਕ ਮਨਸੂਬਿਆਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੂੰ ਸੌਂਪੀ ਹੈ। ਮੂਸੇਵਾਲਾ ਕਤਲ ਕਾਂਡ ਦੇ ਇਸ ਖੁਲਾਸੇ ਦੇ ਵਿਚਕਾਰ ਇੰਟਰਪੋਲ ਨੇ ਖਾਲਿਸਤਾਨੀ ਅੱਤਵਾਦੀ ਰਿੰਦਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।


ਇਸ ਕਾਰਨ ਹੁਣ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਲੱਗਦਾ ਹੈ ਕਿ ਰਿੰਦਾ ਨੇ ਇਹ ਕੰਮ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰੇ ’ਤੇ ਹੀ ਲਾਰੈਂਸ ਬਿਸ਼ਨੋਈ ਨੂੰ ਸੌਂਪਿਆ ਹੋਵੇਗਾ ਤਾਂ ਜੋ ਭਾਰਤ ਵਿੱਚ ਸਿੱਖ ਕੌਮ ਵਿੱਚ ਫੁੱਟ ਪਾ ਕੇ ਅਸਥਿਰਤਾ ਪੈਦਾ ਕੀਤੀ ਜਾ ਸਕੇ। ਸੰਤੋਸ਼ ਜਾਧਵ ਨੂੰ ਲਾਰੈਂਸ ਬਿਸ਼ਨੋਈ ਨੇ ਮਹਾਕਾਲ ਨਾਲ ਮਿਲਾਇਆ ਸੀ। ਮਹਾਕਾਲ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਹੈ।


ਰਿੰਦਾ ਤੇ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ


ਇੱਥੇ, ਇੰਟਰਪੋਲ ਨੇ ਵੀਰਵਾਰ ਦੇਰ ਸ਼ਾਮ ਭਾਰਤ ਦੇ ਦੋ ਵੱਡੇ ਅਪਰਾਧੀਆਂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਇਨ੍ਹਾਂ ਵਿੱਚ ਗੈਂਗਸਟਰ ਤੋਂ ਅੱਤਵਾਦੀ ਬਣਿਆ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੋਲਡੀ ਬਰਾੜ ਸ਼ਾਮਲ ਹਨ। ਇੰਟਰਪੋਲ ਹੈੱਡਕੁਆਰਟਰ ਨੇ ਦੋਵਾਂ ਅਪਰਾਧੀਆਂ ਦੀ ਜਾਂਚ ਤੋਂ ਬਾਅਦ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਸ ਰੈੱਡ ਕਾਰਨਰ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ ਹੁਣ ਇੰਟਰਪੋਲ ਦੇ ਸਾਰੇ ਮੈਂਬਰ ਦੇਸ਼ਾਂ ਦੀ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਦੋਵਾਂ ਨੂੰ ਗ੍ਰਿਫਤਾਰ ਕਰਨ ਦੇ ਅਧਿਕਾਰ ਮਿਲ ਗਏ ਹਨ।


ਇਹ ਵੀ ਪੜ੍ਹੋ: Sihdu Moose Wala Murder Case Update: ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ 8 ਸ਼ੂਟਰਾਂ 'ਚੋਂ ਇੱਕ ਗ੍ਰਿਫਤਾਰ: ਪੁਲਿਸ