ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Punjab Government: ਸੀਐਮ ਭਗਵੰਤ ਸਿੰਘ ਮਾਨ (Bhagwant Mann) ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਪੰਜਾਬ ਰਾਜ ਯੋਜਨਾ ਬੋਰਡ (Punjab State Planning Board) ਨੂੰ ਭੰਗ ਕਰ ਦਿੱਤਾ ਹੈ। ਇਸ ਸਮੇਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ (Rajinder Kaur Bhattal) ਇਸ ਬੋਰਡ ਦੀ ਉਪ ਚੇਅਰਪਸਨ ਸੀ। ਉਨ੍ਹਾਂ ਦੀ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੀ ਸੀ, ਜੋ ਪਿਛਲੀ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਸੀ। ਹੁਣ ਮਾਨ ਸਰਕਾਰ ਨੇ ਰਾਜਪਾਲ ਤੋਂ ਮਨਜ਼ੂਰੀ ਮਿਲਦੇ ਹੀ ਸੂਬਾਈ ਬੋਰਡ ਤੇ ਜ਼ਿਲ੍ਹਾ ਯੋਜਨਾ ਬੋਰਡਾਂ ਨੂੰ ਭੰਗ ਕਰ ਦਿੱਤਾ ਹੈ।


ਦਰਅਸਲ ਆਮ ਤੌਰ 'ਤੇ ਜਦੋਂ ਸਰਕਾਰ ਬਦਲਦੀ ਹੈ ਤਾਂ ਸਾਰੇ ਸਿਆਸੀ ਅਹੁਦਿਆਂ ਦੇ ਚੇਅਰਮੈਨ ਤੇ ਉਪ ਚੇਅਰਮੈਨ ਅਸਤੀਫ਼ੇ ਦੇ ਦਿੰਦੇ ਹਨ, ਪਰ ਯੋਜਨਾ ਬੋਰਡ ਵਿੱਚ ਅਜਿਹਾ ਨਹੀਂ ਹੋਇਆ ਸੀ। ਇਸ ਲਈ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਭੰਗ ਕਰਦਿਆਂ ਸਰਕਾਰ ਨੇ ਮੌਜੂਦਾ ਬੋਰਡ ਚੇਅਰਪਰਸਨ ਭੱਠਲ ਨੂੰ ਹਟਾ ਦਿੱਤਾ। ਇਸ ਦੇ ਨਾਲ ਹੀ ਰਜਿੰਦਰ ਗੁਪਤਾ, ਵਾਈਸ ਚੇਅਰਮੈਨ ਤੇ ਮੈਂਬਰ ਭਵਦੀਪ ਸਰਦਾਨਾ, ਭਗਵੰਤ ਸਿੰਘ, ਕੇਵੀਐਸ ਸਿੱਧੂ ਤੇ ਬਲਦੇਵ ਸਿੰਘ ਢਿੱਲੋਂ ਦੀਆਂ ਸੇਵਾਵਾਂ ਖ਼ਤਮ ਹੋ ਗਈਆਂ ਹਨ।


ਸੋਮਵਾਰ ਨੂੰ ਸੂਬਾ ਸਰਕਾਰ ਦੇ ਯੋਜਨਾ ਵਿਭਾਗ ਦੇ ਸਕੱਤਰ ਦਲਜੀਤ ਸਿੰਘ ਮਾਂਗਟ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਯੋਜਨਾ ਕਮਿਸ਼ਨ ਨੂੰ ਭੰਗ ਕਰ ਦਿੱਤਾ ਸੀ ਤੇ ਇਸ ਦੀ ਥਾਂ ਨੀਤੀ ਆਯੋਗ ਬਣਾ ਦਿੱਤਾ ਸੀ। ਇਸ ਦੇ ਨਾਲ ਹੀ ਪੰਜਾਬ ਵਿੱਚ ਪਲੈਨਿੰਗ ਬੋਰਡ ਵੀ ਮੌਜੂਦ ਸੀ। ਮਾਨ ਸਰਕਾਰ ਵੱਲੋਂ ਰਾਜਪਾਲ ਦੀ ਸਿਫ਼ਾਰਸ਼ ਨੂੰ ਪ੍ਰਵਾਨ ਕਰਦਿਆਂ ਬੋਰਡ ਨੂੰ ਭੰਗ ਕਰਨ ਦੇ ਹੁਕਮ ਦਿੱਤੇ ਗਏ ਹਨ।


ਦੱਸ ਦਈਏ ਕਿ ਹੁਣ ਤੱਕ ਯੋਜਨਾ ਬੋਰਡ ਸੂਬੇ ਦੀ ਸਾਲਾਨਾ ਯੋਜਨਾ ਤਿਆਰ ਕਰਕੇ ਯੋਜਨਾ ਕਮਿਸ਼ਨ ਤੋਂ ਪਾਸ ਕਰਵਾਉਂਦਾ ਸੀ ਪਰ ਯੋਜਨਾ ਕਮਿਸ਼ਨ ਭੰਗ ਹੋਣ ਤੋਂ ਬਾਅਦ ਸੂਬੇ ਵਿੱਚ ਬਣੇ ਯੋਜਨਾ ਬੋਰਡਾਂ ਨੇ ਹੀ ਯੋਜਨਾਵਾਂ ਤਿਆਰ ਕਰਨੀਆਂ ਸੀ ਪਰ ਇਸ ਦੀ ਥਾਂ 'ਤੇ ਹੁਣ 'ਆਰਥਿਕ ਨੀਤੀ ਤੇ ਯੋਜਨਾ ਬੋਰਡ' ਦਾ ਗਠਨ ਕਰ ਦਿੱਤਾ ਗਿਆ ਹੈ। ਹੁਣ ਜਲਦੀ ਹੀ ਬੋਰਡ ਦੇ ਵਾਈਸ ਚੇਅਰਮੈਨ ਤੇ ਹੋਰ ਮੈਂਬਰਾਂ ਦੀ ਨਿਯੁਕਤੀ ਕੀਤੀ ਜਾਵੇਗੀ।


ਹਾਸਲ ਜਾਣਕਾਰੀ ਤਾਂ ਇਹ ਵੀ ਹੈ ਕਿ 'ਆਰਥਿਕ ਨੀਤੀ ਤੇ ਯੋਜਨਾ ਬੋਰਡ' (Economic Policy and Planning Board) ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਗੇ। ਜਦੋਂਕਿ ਬੋਰਡ ਦੇ ਹੋਰ ਮੈਂਬਰਾਂ ਨੂੰ ਨਾਮਜ਼ਦ ਕਰਨ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਮਾਨ ਸਰਕਾਰ ਨੇ ਬੋਰਡ ਦੇ ਦੋ ਉਪ-ਚੇਅਰਮੈਨ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਜਿਆਦਾਤਰ ਵਿੱਤੀ ਮਾਹਿਰ ਸ਼ਾਮਲ ਹੋਣਗੇ।


ਇਹ ਵੀ ਪੜ੍ਹੋ: Children Corona Vaccine: ਵੈਕਸੀਨ ਨਾ ਲਵਾਉਣ ਵਾਲੇ ਬੱਚੇ ਨਹੀਂ ਜਾ ਸਕਣਗੇ ਸਕੂਲ, ਕੋਰੋਨਾ ਕੇਸ ਵਧਣ ਮਗਰੋਂ ਸਰਕਾਰ ਦੀ ਸਖਤੀ