ਸੰਗਰੂਰ: ਖੇਤਾਂ 'ਚ ਪਈ ਕਣਕ ਦੇ ਨਾੜ ਨੂੰ ਕਿਸੇ ਨਾ ਕਿਸੇ ਕਾਰਨ ਅੱਗ ਲੱਗ ਰਹੀ ਹੈ, ਜਿਸ ਕਾਰਨ ਹੁਣ ਪਿੰਡਾਂ ਦੇ ਲੋਕਾਂ ਲਈ ਅੱਗ 'ਤੇ ਕਾਬੂ ਪਾਉਣਾ ਵੀ ਔਖਾ ਹੁੰਦਾ ਜਾ ਰਿਹਾ ਹੈ। ਤੇਜ਼ ਹਵਾਵਾਂ ਕਾਰਨ ਅੱਗ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਾਰ ਇਹ ਅੱਗ ਇੰਨਾ ਭਿਆਨਕ ਰੂਪ ਲੈ ਲੈਂਦੀ ਹੈ ਤੇ ਘਰਾਂ ਤੱਕ ਵੀ ਪਹੁੰਚ ਜਾਂਦੀ ਹੈ। ਤਾਜ਼ਾ ਮਾਮਲਾ ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡਾਂ ਦਾ ਹੈ ਜਿੱਥੇ ਬੀਤੀ ਦੇਰ ਰਾਤ  ਅੱਗ ਦਾ ਤਾਂਡਵ ਵੇਖਣ ਨੂੰ ਮਿਲਿਆ ਅਤੇ ਇਸ ਅੱਗ ਕਰਕੇ ਇਸ ਚੋਂ ਨਿਕਲਦੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ।


ਅੱਗ ਨੇ ਕਈ ਪਿੰਡਾਂ ਦੇ ਖੇਤਾਂ ਵਿੱਚ ਪਈ ਤੂੜੀ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਇਸ ਨੂੰ ਸੁਆਹ ਵਿੱਚ ਬਦਲ ਦਿੱਤਾ। ਇਸ ਦੇ ਨਾਲ ਹੀ ਇਹ ਅੱਗ ਪਿੰਡ ਦੇ ਅੰਦਰ ਆ ਗਈ ਜਿਸ ਕਾਰਨ ਫੈਲੇ ਧੂੰਏਂ ਕਾਰਨ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਲੋਕਾਂ ਨੇ ਆਪਣੇ ਤੌਰ 'ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਫੀ ਭਿਆਨਕ ਸੀ। ਜਿਸ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚੀਆਂ।


ਪਿੰਡ ਦੀ ਔਰਤ ਨੇ ਦੱਸਿਆ ਕਿ ਅੱਗ ਇੰਨੀ ਜ਼ਬਰਦਸਤ ਸੀ ਕਿ ਇਹ ਘਰਾਂ ਤੱਕ ਪਹੁੰਚ ਗਈ। ਅਸੀਂ ਆਪਣੇ ਘਰੋਂ ਆਪਣੇ ਪਸ਼ੂਆਂ ਨੂੰ ਕੱਢ ਲਿਆ, ਆਪਣੇ ਬੱਚਿਆਂ ਨੂੰ ਕਿਸੇ ਹੋਰ ਦੇ ਘਰ ਭੇਜ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਅੱਗ ਬੁਝਾਉਂਦੇ ਹੋਏ ਸਾਡੇ ਘਰ ਦੇ ਹੋਰ ਮੈਂਬਰਾਂ ਦੇ ਹੱਥਾਂ ਅਤੇ ਪੈਰ ਅੱਗ ਦੀ ਲਪੇਟ 'ਚ ਆਉਣ ਕਾਰਨ ਸੜ ਗਏ।


ਅੱਗ ਨੇ ਕਈ ਪਿੰਡਾਂ ਨੂੰ ਆਪਣੀ ਲਪੇਟ 'ਚ ਲਿਆ, ਮੌਕੇ 'ਤੇ ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਲਹਿਰਾਗਾਗਾ ਤੋਂ ਵਿਧਾਇਕ ਵਰਿੰਦਰ ਕੁਮਾਰ ਗੋਇਲ ਵੀ ਪਹੁੰਚੇ। ਉਨ੍ਹਾਂ ਕਿਹਾ ਕਿ ਲਹਿਰਾਗਾਗਾ ਦੇ ਇੱਕ ਦਰਜਨ ਦੇ ਕਰੀਬ ਪਿੰਡਾਂ 'ਚ ਇੰਨੀ ਵੱਡੀ ਅੱਗ ਲੱਗ ਗਈ ਹੈ, ਇਸ ਤੋਂ ਪਹਿਲਾਂ ਕਦੇ ਵੀ ਅਜਿਹੀ ਅੱਗ ਨਹੀਂ ਦੇਖੀ। ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਹੈ, ਪ੍ਰਸ਼ਾਸਨਿਕ ਅਧਿਕਾਰੀ ਸਵੇਰ ਹੁੰਦੇ ਹੀ ਮੌਕੇ 'ਤੇ ਪਹੁੰਚ ਜਾਣਗੇ ਅਤੇ ਮੁਆਵਜ਼ਾ ਦਿੱਤਾ ਜਾਵੇਗਾ।


ਇਸ ਦੇ ਨਾਲ ਹੀ ਮੌਕੇ 'ਤੇ ਪਹੁੰਚੇ ਮੂਨਕ ਦੇ ਡੀਐਸਪੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਨਾਲ ਜਿੱਥੇ ਖੇਤਾਂ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਪਿੰਡ 'ਚ ਲੋਕਾਂ ਦੇ ਘਰਾਂ 'ਚ ਮੌਜੂਦ ਪਸ਼ੂਆਂ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਸੰਗਰੂਰ, ਸੁਨਾਮ, ਮੂਨਕ ਅਤੇ ਆਸ-ਪਾਸ ਦੇ ਕਈ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਅੱਗ 'ਤੇ ਕਾਬੂ ਪਾਇਆ ਗਿਆ।


ਇਹ ਵੀ ਪੜ੍ਹੋ: Weather Forecast Today: ਦਿੱਲੀ-NCR 'ਚ ਧੂੜ ਭਰੀ ਹਨੇਰੀ, ਕਈ ਫਲਾਈਟਸ ਕੀਤੀਆਂ ਗਈਆਂ ਡਾਇਵਰਟ