ਚੰਡੀਗੜ੍ਹ: ਪੰਜਾਬ ਪੁਲਿਸ ਦੀ ਐਸਟੀਐਫ ਨੇ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 3 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਆਈਜੀ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਬੂਟਾ ਸਿੰਘ ਕੋਲੋਂ 2009 ਵਿੱਚ ਵੀ ਆਰਡੀਐਕਸ ਬਰਾਮਦ ਕੀਤਾ ਗਿਆ ਸੀ। ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ NDPS ਦੇ 10 ਮਾਮਲੇ ਦਰਜ ਹਨ। ਮੁਲਜ਼ਮਾਂ ਕੋਲੋਂ 13 ਕਿੱਲੋ ਤੋਂ ਲੈ ਕੇ ਸਾਢੇ 3 ਕਿੱਲੋ ਤੱਕ ਦੀ ਵੱਡੀ ਰਿਕਵਰੀ ਕੀਤੀ ਜਾ ਚੁੱਕੀ ਹੈ। ਆਈਜੀ ਸਿੱਧੂ ਨੇ ਕਿਹਾ ਕਿ ਮੁਲਜ਼ਮਾਂ ਨੂੰ BSF ਦੀ ਚੌਕੀ ਗੱਟੀ ਹਿਆਤ ਕੋਲ ਕੰਡਿਆਲੀ ਤਾਰ ਦੇ ਪਾਰ ਪਾਕਿਸਤਾਨ ਵਾਲੇ ਪਾਸਿਓਂ ਪੱਕੀ ਮੁਖਬਰੀ ਦੇ ਅਧਾਰ 'ਤੇ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਖਿਲਾਫ਼ NDPS ਦੇ ਅਧੀਨ ਥਾਣਾ ਐਸਟੀਐਫ ਮੁਹਾਲੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੇ ਕਿਹਾ ਹੈ ਕਿ ਪੁੱਛ-ਗਿੱਛ ਬਾਅਦ ਇਨ੍ਹਾਂ ਕੋਲੋਂ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਆਸ ਹੈ।