ਚੰਡੀਗੜ੍ਹ: ਹੁਣ ਪਹਿਲੀ ਤੋਂ ਅੱਠਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ। ਇਹ ਹਦਾਇਤਾਂ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨਸੀਟੀਈ) ਨੇ ਜਾਰੀ ਕੀਤੀਆਂ ਹਨ। ਐਫੀਲੇਸ਼ਨ ਸਾਖ਼ਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਰਾਜ ਦੇ ਸਮੂਹ ਪ੍ਰਿੰਸੀਪਲ, ਮੁੱਖ ਅਧਿਆਪਕ ਜੋ ਪੰਜਾਬ ਦੇ ਐਫੀਲੀਏਟਿਡ, ਐਸੋਸੀਏਟਿਡ ਤੇ ਆਦਰਸ਼ ਸਕੂਲਾਂ ਵਿੱਚ ਤਾਇਨਾਤ ਹਨ, ਨੂੰ ਇਹ ਪੱਤਰ ਜਾਰੀ ਕੀਤਾ ਗਿਆ ਹੈ। ਰਾਜ ਸਰਕਾਰ ਵੱਲੋਂ ਇਹ ਪ੍ਰੀਖਿਆ 23 ਅਗਸਤ, 2010 ਤੋਂ ਬਾਅਦ ਭਰਤੀ ਹੋਏ ਅਧਿਆਪਕਾਂ ਲਈ ਲਾਜ਼ਮੀ ਕਰ ਦਿੱਤੀ ਗਈ ਹੈ। ਰਾਜ ਸਰਕਾਰ ਦੇ ਪੱਤਰ ਵਿੱਚ ਇਸ ਗੱਲ ਦਾ ਭਾਵੇਂ ਕੋਈ ਜ਼ਿਕਰ ਨਹੀਂ ਕਿ ਇਹ ਅਧਿਆਪਕ ਯੋਗਤਾ ਪ੍ਰੀਖਿਆ ਕਿੰਨੇ ਸਮੇਂ ਦੇ ਅੰਤਕਾਲ ਵਿੱਚ ਪਾਸ ਕਰਨੀ ਹੈ ਪਰ ਸੂਬੇ ਦੇ ਅਧਿਆਪਕਾਂ ਨੂੰ ਭਾਜੜ ਪੈ ਗਈ ਹੈ।