ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ 'ਚ ਕਿਸਾਨ ਅੰਦੋਲਨ ਸਿਖਰਾਂ 'ਤੇ ਹੈ। ਅਜਿਹੇ 'ਚ ਹੁਣ ਕੇਂਦਰ ਸਰਕਾਰ ਨੇ ਸੂਬੇ 'ਚ ਮਾਲ ਗੱਡੀਆਂ 'ਤੇ ਬ੍ਰੇਕ ਲਾ ਦਿੱਤੀ ਹੈ। ਮਾਲ ਗੱਡੀਆਂ ਰੁਕਣ ਨਾਲ ਪੰਜਾਬ ਵਿੱਚ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਦਾ ਸਭ ਤੋਂ ਵੱਡਾ ਅਸਰ ਥਰਮਲ ਪਾਵਰ ਪਲਾਂਟਾਂ 'ਤੇ ਪਿਆ ਹੈ। ਦਰਅਸਲ ਪੰਜਾਬ 'ਚ ਕੋਲੇ ਦੀ ਘਾਟ ਫਿਰ ਤੋਂ ਰੜਕਣ ਲੱਗੀ ਹੈ। ਨਤੀਜਾ ਇਹ ਹੋਇਆ ਕਿ ਸੂਬੇ 'ਚ ਸਾਰੇ ਥਰਮਲ ਪਾਵਰ ਪਲਾਂਟਾ 'ਚ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ।


ਥਰਮਲ ਪਾਵਰ ਪਲਾਂਟਾਂ ਦਾ ਹਾਲ
ਪਾਵਰਕੌਮ ਸੈਂਟਰਲ ਕੰਟਰੋਲ ਰੂਮ ਮੁਤਾਬਕ ਮਾਨਸਾ ਦੇ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ 'ਚ ਇੱਕ ਤਿਹਾਈ ਦਿਨ ਲਈ 10,552 ਟਨ ਕੋਲਾ ਬਚਿਆ ਹੈ। ਰਾਜਪੁਰਾ ਪਲਾਂਟ 'ਚ ਅੱਧੇ ਦਿਨ ਲਈ 10 ਹਜ਼ਾਰ ਮੀਟ੍ਰਿਕ ਟਨ ਕੋਲਾ ਬਚਿਆ ਹੈ। ਗੋਇੰਦਵਾਲ ਸਾਹਿਬ ਪਲਾਂਟ 'ਚ 18,294 ਮੀਟ੍ਰਿਕ ਟਨ ਕੋਲਾ ਮੌਜੂਦ ਹੈ। ਬਠਿੰਡਾ ਦੇ ਲਹਿਰਾ ਮੁਹੱਬਤ ਤੇ ਰੂਪਨਗਰ ਦੇ ਪਲਾਂਟ 'ਚ ਪਹਿਲਾਂ ਤੋਂ ਹੀ ਉਤਪਾਦਨ ਬੰਦ ਹੈ। ਅਜਿਹੇ 'ਚ ਪਾਵਰਕੌਮ ਨੇ 700 ਮੈਗਾਵਾਟ ਬਿਜਲੀ ਖਰੀਦਣ ਲਈ ਟੈਂਡਰ ਵੀ ਸੱਦੇ ਹਨ।


ਕੇਂਦਰ ਤੇ ਪੰਜਾਬ ਵਿਚਾਲੇ ਖਿੱਚੋਤਾਣ


ਸੂਬੇ 'ਚ ਥਰਮਲ ਪਾਵਰ ਠੱਪ ਹੋਣ ਕਾਰਨ ਬਿਜਲੀ ਸੰਕਟ ਪੈਦਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਰਅਸਲ ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ 'ਚ ਮਾਲ ਗੱਡੀਆਂ 'ਤੇ ਬਰੇਕ ਲੱਗੀ ਹੋਈ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪੀਲ ਮਗਰੋਂ ਕਿਸਾਨ ਮਾਲਗੱਡੀਆਂ ਨੂੰ ਰਾਹ ਦੇਣ 'ਤੇ ਰਾਜ਼ੀ ਹੋ ਗਏ ਸਨ। ਪਰ 24 ਅਕਤੂਬਰ ਨੂੰ ਕੁਝ ਥਾਵਾਂ 'ਤੇ ਕਿਸਾਨਾਂ ਨੇ ਫਿਰ ਤੋਂ ਮਾਲ ਗੱਡੀਆਂ ਰੋਕੀਆਂ ਜਿਸ ਤੋਂ ਰੇਲਵੇ ਨੇ ਪੰਜਾਬ 'ਚ ਮਾਲ ਗੱਡੀਆਂ ਦੀਆਂ ਸੇਵਾਵਾਂ ਰੋਕ ਦਿੱਤੀਆਂ।


ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖ ਕੇ ਰੇਲ ਸੇਵਾਵਾਂ ਬਹਾਲ ਕਰਾਉਣ 'ਚ ਨਿੱਜੀ ਦਖਲ ਦੇਣ ਦੀ ਮੰਗ ਕੀਤੀ ਸੀ। ਪਰ ਰੇਲ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਪੰਜਾਬ ਸਰਕਾਰ ਮਾਲਗੱਡੀਆਂ ਦੇ ਨਾਲ-ਨਾਲ ਯਾਤਰੀ ਗੱਡੀਆਂ ਦੀ ਮੁੜ ਬਹਾਲੀ ਯਕੀਨੀ ਬਣਾਵੇ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਲਵੇ।


ਪੈਟਰੋਲ ਡੀਜ਼ਲ 'ਤੇ ਟੈਕਸ ਵਧਾਉਣ ਦੀ ਤਿਆਰੀ 'ਚ ਮੋਦੀ ਸਰਕਾਰ! ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਇਹ ਨਸੀਹਤ


ਸੂਬੇ 'ਚ ਗਰਮਾਇਆ ਬਿਜਲੀ ਸੰਕਟ


ਕੇਂਦਰ ਤੇ ਪੰਜਾਬ ਵਿਚਲੀ ਖਿੱਚੋਤਾਣ ਦੇ ਚੱਲਦਿਆਂ ਮਾਲਗੱਡੀਆਂ ਫਿਲਹਾਲ ਰੁਕੀਆਂ ਹੋਈਆਂ ਹਨ। ਜਿਸ ਕਾਰਨ ਰੂਪਨਗਰ, ਬਠਿੰਡਾ ਦੇ ਲਹਿਰਾ ਮੁਹੱਬਤ, ਮਾਨਸਾ ਦੇ ਤਲਵੰਡੀ ਸਾਬੋ, ਪਟਿਆਲਾ ਦੇ ਰਾਜਪੁਰਾ ਤੇ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਦੇ ਸਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ। ਕੋਲਾ ਨਾ ਪਹੁੰਚਣ ਕਾਰਨ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਇਸ ਸਮੇਂ ਸੂਬੇ 'ਚ 5456 ਮੈਗਾਵਾਟ ਬਿਜਲੀ ਦੀ ਮੰਗ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਮੁੱਖ ਤੌਰ 'ਤੇ ਪਣਬਿਜਲੀ ਯੋਜਨਾਵਾਂਣ 'ਤੇ ਨਿਰਭਰ ਹੋ ਗਿਆ ਹੈ।


ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ