ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਅੱਜ ਦਿੱਲੀ ਏਅਰਪਰਟ ਲਈ ਜਾਣ ਵਾਲੀਆਂ ਬੱਸਾਂ ਦਾ ਮੁੱਦਾ ਗਰਮਾਇਆ ਰਿਹਾ। ਪ੍ਰਸ਼ਨ ਕਾਲ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸਾਂ ਸ਼ੁਰੂ ਕੀਤੀਆਂ ਹਨ। 


ਇਸ 'ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਆਪਣੀ ਦਿੱਲੀ ਸਰਕਾਰ ਨੇ ਬੱਸਾਂ ਨਹੀਂ ਚੱਲਣ ਦਿੱਤੀਆਂ। ਇਸ ਕਾਰਨ ਪੰਜਾਬ ਨੂੰ 25 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬੀਆਂ ਨੂੰ ਮਹਿੰਗਾ ਕਿਰਾਇਆ ਦੇਣ ਕਾਰਨ 75 ਤੋਂ 80 ਕਰੋੜ ਦਾ ਨੁਕਸਾਨ ਹੋਇਆ ਹੈ।


ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚ 13 ਚਿੱਠੀਆਂ ਲਿਖੀਆਂ ਗਈਆਂ ਸਨ। ਏਅਰਪੋਰਟ ਅਥਾਰਟੀ ਨੂੰ ਪੱਤਰ ਵੀ ਲਿਖਿਆ ਗਿਆ ਸੀ। ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਜੇਕਰ ਦਿੱਲੀ ਸਰਕਾਰ ਚਾਹੇ ਤਾਂ ਬੱਸਾਂ ਚਲਾਈਆਂ ਜਾ ਸਕਦੀਆਂ ਹਨ।


ਉੱਥੇ ਹੀ ਜਵਾਬ 'ਚ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਨਾ ਤਾਂ ਦਿੱਲੀ ਸਰਕਾਰ ਤੋਂ ਪਰਮਿਟ ਲਏ ਸਨ। ਨਾ ਹੀ ਰੂਟ ਵਧਾਉਣ ਦੀ ਮਨਜ਼ੂਰੀ ਲਈ ਗਈ ਇਸ ਦੇ ਉਲਟ ਮੰਤਰੀ ਭੁੱਲਰ ਨੇ ਅੱਗੋਂ ਸਵਾਲ ਕੀਤਾ ਕਿ ਉਹ ਪ੍ਰਾਈਵੇਟ ਬੱਸਾਂ ਕਿੱਥੇ ਹਨ ਜਿਨ੍ਹਾਂ ਨੂੰ ਰਾਜਾ ਵੜਿੰਗ ਨੇ ਮੰਤਰੀ ਰਹਿੰਦੇ ਪੱਕੇ ਤੌਰ 'ਤੇ ਬੰਦ ਕਰਨ ਲਈ ਕਿਹਾ ਸੀ?