ਚੰਡੀਗੜ੍ਹ: ਪੰਜਾਬ ਦੀ 15ਵੀਂ ਵਿਧਾਨ ਸਭਾ ਦੇ ਛੇਵੇਂ ਇਜਲਾਸ ਦਾ ਆਗ਼ਾਜ਼ ਦੇਸ਼ ਦੇ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਅੰਮ੍ਰਿਤਸਰ ਰੇਲ ਹਾਦਸੇ ਤੇ ਨਿਰੰਕਾਰੀ ਬੰਬ ਧਮਾਕੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਸ਼ੁਰੂ ਹੋ ਗਿਆ। ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਸੂਬੇ ਵਿੱਚ ਕਰਜ਼ਿਆਂ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਤੇ ਸਰਹੱਦ 'ਤੇ ਸ਼ਹੀਦ ਹੋਏ ਫ਼ੌਜੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੇ ਜਾਣ ਦੀ ਮੰਗ ਚੁੱਕੀ, ਜਿਸ ਨੂੰ ਸਦਨ ਨੇ ਮੰਨ ਲਿਆ। ਇਜਲਾਸ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤੀ ਤੇ ਅਕਾਲੀ ਦਲ ਬਿਕਰਮ ਮਜੀਠੀਆ ਦੀ ਕਮਾਨ ਹੇਠ ਵਿਧਾਨ ਸਭਾ ਵਿੱਚ ਆਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਮਾਰ ਹੋਣ ਤੋਂ ਬਾਅਦ ਆਰਾਮ ਕਰਦੇ ਹੋਣ ਕਾਰਨ ਨਹੀਂ ਆਏ। ਅੱਜ ਦੀ ਕਾਰਵਾਈ ਵਿੱਚ ਸ਼ਰਧਾਂਜਲੀਆਂ ਤੋਂ ਇਲਾਵਾ ਹੋਰ ਕੋਈ ਖ਼ਾਸ ਕੰਮ ਨਹੀਂ ਹੋਇਆ। ਅਗਲੇ ਦੋ ਦਿਨ ਵਿਧਾਨ ਸਭਾ ਦੀ ਕਾਰਵਾਈ ਵਿੱਚ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਵਾਟਰ ਰਿਸੋਰਸਿਜ਼ (ਮੈਨੇਜਮੈਂਟ ਐਂਡ ਰੈਗੂਲੇਸ਼ਨ) ਬਿੱਲ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਨੂੰ ਪਿਛਲੀ ਕੈਬਨਿਟ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ ਸੀ ਤੇ ਹੁਣ ਸਦਨ ਵਿੱਚ ਰੱਖਿਆ ਜਾਵੇਗਾ। ਕੈਬਨਿਟ ਮੀਟਿੰਗ ਦੇ ਹੋਰ ਫੈਸਲੇ ਜਿਵੇਂ ਲੋਕ ਸਭਾ ਤੇ ਰਾਜ ਸਭਾ ਤੋਂ ਪਾਸ ਹੋਏ ਜੀਐਸਟੀ ਬਿੱਲ ਵਿੱਚ ਸੋਧਾਂ ਨੂੰ ਲਾਗੂ ਕਰਨਾ ਵੀ ਸ਼ਾਮਲ ਰਹੇਗਾ।