ਮਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ : ਪੰਜਾਬ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਅੱਜ ਮੁੜ ਵਿਧਾਨ ਸਭਾ ਸੈਸ਼ਨ ਹੋਵੇਗਾ। ਸਵੇਰੇ 11 ਵਜੇ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਵੇਗੀ ਜਿਸ 'ਚ ਜਿਨ੍ਹਾਂ ਵਿਧਾਇਕਾਂ ਨੇ ਅਜੇ ਤੱਕ ਸਹੁੰ ਨਹੀਂ ਚੁੱਕੀ, ਉਨ੍ਹਾਂ ਵਿਧਾਇਕਾਂ ਨੂੰ ਵਿਧਾਇਕ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ, ਉਸ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ। ਦਸ ਦਈਏ ਇਸ ਤੋ ਪਹਿਲਾਂ 17 ਤਰੀਕ ਨੂੰ ਵਿਧਾਨ ਸਭਾ ਸ਼ੈਸ਼ਨ ਸ਼ੁਰੂ ਹੋਇਆ ਸੀ ਜਿਸ 'ਚ ਨਵੇਂ ਚੁਣੇ ਗਏ ਵਿਧਾਇਕਾਂ ਨੇ ਸਹੁੰ ਚੁੱਕੀ ਸੀ। 86 ਵਿਧਾਇਕਾਂ ਵੱਲੋਂ ਸਹੁੰ ਚੁੱਕੀ ਗਈ ਸੀ ਜਦਕਿ ਬਾਕੀ ਰਹਿੰਦੇ ਵਿਧਾਇਕਾਂ ਵੱਲੋਂ ਅੱਜ ਵਿਧਾਇਕ ਅਹੁਦੇ ਦਾ ਹਲਫ ਲਿਆ ਜਾਵੇਗਾ। 


ਉੱਥੇ ਹੀ ਦਸ ਦਈਏ ਕਿ ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ 117 ਮੈਂਬਰੀ ਵਿਧਾਨ ਸਭਾ ਦਾ ਅਗਲਾ ਸਪੀਕਰ ਨਾਮਜ਼ਦ ਕੀਤਾ ਹੈ। ਟਵਿੱਟਰ 'ਤੇ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ 'ਤਹਿ ਦਿਲੋਂ ਧੰਨਵਾਦ' ਵੀ ਜ਼ਾਹਰ ਕੀਤਾ ਸੀ ਅਤੇ ਅੱਜ ਦੇ ਸੈਸ਼ਨ 'ਚ ਕੁਲਤਾਰ ਸਿੰਘ ਸੰਧਵਾਂ ਨੂੰ ਰਸਮੀ ਤੌਰ 'ਤੇ ਸਪੀਕਰ ਚੁਣਿਆ ਜਾਵੇਗਾ। ਉਹ ਕਾਂਗਰਸ ਆਗੂ ਰਾਣਾ ਕੰਵਰਪਾਲ ਸਿੰਘ ਦੀ ਥਾਂ ਲੈਣਗੇ। ਪ੍ਰੋਟੈਮ ਸਪੀਕਰ ਇੰਦਰਬੀਰ ਸਿੰਘ ਨਿੱਝਰ, ਜੋ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦੇ ਪਹਿਲੇ ਕਾਰਜਕਾਲ ਦੇ ਵਿਧਾਇਕ ਹਨ, ਨੇ ਵੀਰਵਾਰ ਨੂੰ ਮਾਨ ਸਮੇਤ ਸਾਰੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ।ਜ਼ਿਕਰਯੋਗ ਹੈ ਕਿ ਤਿੰਨ ਵਿਧਾਇਕਾਂ ਨੂੰ ਛੱਡ ਕੇ, ਬਾਕੀ ਸਾਰੇ ਨਵੇਂ ਚੁਣੇ ਗਏ ਨੁਮਾਇੰਦਿਆਂ ਨੇ ਪੰਜਾਬੀ ਵਿੱਚ ਵਿਧਾਨ ਸਭਾ ਦੇ ਮੈਂਬਰ (ਐਮਐਲਏ) ਵਜੋਂ ਸਹੁੰ ਚੁੱਕੀ। ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਅਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਹਿੰਦੀ ਵਿਚ, ਜਦੋਂਕਿ ਮੁਹੰਮਦ ਜਮੀਲ ਉਰ ਰਹਿਮਾਨ ਨੇ ਉਰਦੂ ਵਿਚ ਸਹੁੰ ਚੁੱਕੀ। ਹਰੇਕ ਵਿਧਾਇਕ ਨੂੰ ਸਹੁੰ ਚੁਕਾਉਣ ਵਿੱਚ ਸਿਰਫ਼ ਇੱਕ ਮਿੰਟ ਲੱਗਿਆ।


ਦਸ ਦਈਏ ਕਿ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਹਰ ਕੋਈ ਆਪਣੇ-ਆਪਣੇ ਵਿਭਾਗ ਦੀ ਉਡੀਕ ਕਰ ਰਿਹਾ ਹੈ ਅਤੇ ਅੱਜ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਦਿੱਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਤਿੰਨ ਦਿਨ ਲਈ ਨਿਰਧਾਰਿਤ ਕੀਤੀ ਗਈ ਹੈ। 17 ਮਾਰਚ ਤੋਂ ਬਾਅਦ ਅੱਜ ਅਤੇ ਭਲਕੇ ਵਿਧਾਨ ਸਭਾ ਦੀ ਕਾਰਵਾਈ ਚੱਲੇਗੀ ਅਤੇ ਅੱਜ ਸਪੀਕਰ ਦੀ ਚੋਣ ਤੋਂ ਬਾਅਦ ਰਾਜਪਾਲ ਵੱਲੋਂ ਸੰਬੋਧਨ ਕੀਤਾ ਜਾਵੇਗਾ। 


ਦੱਸ ਦੇਈਏ ਕਿ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਸੀ ਅਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਚੁੱਕੀ ਹੈ, ਜਦਕਿ ਕਾਂਗਰਸ ਦਾ ਸਫ਼ਾਇਆ ਹੋ ਗਿਆ ਹੈ। ਕਾਂਗਰਸ ਸਿਰਫ਼ 18 ਸੀਟਾਂ ਹੀ ਜਿੱਤਣ 'ਚ ਕਾਮਯਾਬ ਰਹੀ, ਜਦਕਿ ਅਕਾਲੀ -ਬਸਪਾ ਗਠਜੋੜ ਨੂੰ 4 ਸੀਟਾਂ ਅਤੇ ਭਾਜਪਾ ਨੂੰ  2 ਸੀਟਾਂ ਮਿਲੀਆਂ ਹਨ। ਇਸ ਦੇ ਇਲਾਵਾ 1 ਸੀਟ ਆਜ਼ਾਦ ਦੇ ਹਿੱਸੇ ਆਈ ਹੈ।