Punjab Weather Update: ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਐਕਟਿਵ ਹੋਣ ਦਾ ਅਸਰ ਸ਼ੁਰੂ ਹੋ ਗਿਆ ਹੈ। ਇਸ ਕਾਰਨ ਪਿਛਲੇ 36 ਘੰਟਿਆਂ ਤੋਂ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।


ਮੌਸਮ ਵਿਭਾਗ ਵੱਲੋਂ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮਲੇਰਕੋਟਲਾ 'ਚ ਬਾਰਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਰਹੇਗਾ।


ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਵਿੱਚ ਦੂਜੀ ਪੱਛਮੀ ਗੜਬੜੀ 3 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਦਾ ਪ੍ਰਭਾਵ ਪੂਰੇ ਉੱਤਰ ਭਾਰਤ ਵਿੱਚ ਦੋ ਦਿਨ ਤੱਕ ਰਹੇਗਾ। ਇਸ ਦੌਰਾਨ ਹਿਮਾਚਲ ਦੇ ਇਲਾਕਿਆਂ 'ਚ ਫਿਰ ਤੋਂ ਬਰਫਬਾਰੀ ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਫਿਰ ਤੋਂ ਮੀਂਹ ਪਵੇਗਾ।



ਪੰਜਾਬ ਵਿੱਚ ਬੁੱਧਵਾਰ ਤੋਂ ਹੀ ਬਾਰਸ਼ ਜਾਰੀ ਹੈ। ਲੁਧਿਆਣਾ ਵਿੱਚ 3mm, ਅੰਮ੍ਰਿਤਸਰ ਵਿੱਚ 1.7mm, ਗੁਰਦਾਸਪੁਰ ਵਿੱਚ 1.8mm, ਬਠਿੰਡਾ ਵਿੱਚ 2mm ਤੇ ਮੋਗਾ ਵਿੱਚ 2.5mm ਮੀਂਹ ਪਿਆ। ਜਦੋਂਕਿ ਹਰਿਆਣਾ ਦੇ ਝੱਜਰ ਵਿੱਚ 10mm, ਜੀਂਦ ਵਿੱਚ 3mm, ਰੋਹਤਕ ਵਿੱਚ 6.5mm, ਅੰਬਾਲਾ ਵਿੱਚ 2.6mm, ਹਿਸਾਰ ਵਿੱਚ 0.7mm ਤੇ ਫਰੀਦਾਬਾਦ ਵਿੱਚ 2.5mm ਮੀਂਹ ਪਿਆ।



ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ, ਜੀਂਦ ਤੇ ਪਾਣੀਪਤ 'ਚ ਬਾਰਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸਿਰਸਾ ਤੇ ਫਤਿਹਾਬਾਦ 'ਚ ਸੰਘਣੀ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂਕਿ ਬਾਕੀ ਰਾਜ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।


 


ਉਧਰ, ਹਿਮਾਚਲ ਦੇ ਹੇਠਲੇ ਇਲਾਕਿਆਂ 'ਚ ਅੱਜ ਵੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਦੂਜੀ ਪੱਛਮੀ ਗੜਬੜੀ 3 ਫਰਵਰੀ ਤੋਂ ਸਰਗਰਮ ਹੋ ਜਾਵੇਗੀ। ਹਿਮਾਚਲ ਵਿੱਚ ਅੱਜ ਚੰਬਾ, ਕੁੱਲੂ, ਮੰਡੀ, ਸ਼ਿਮਲਾ, ਕਾਂਗੜਾ, ਲਾਹੌਲ-ਸਪੀਤੀ, ਕਿਨੌਰ ਤੇ ਸਿਰਮੌਰ ਵਿੱਚ ਭਾਰੀ ਮੀਂਹ ਤੇ ਬਰਫ਼ਬਾਰੀ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।


ਵੱਡੇ ਸ਼ਹਿਰਾਂ ਦੇ ਮੌਸਮ ਦਾ ਹਾਲ
ਚੰਡੀਗੜ੍ਹ ਵਿੱਚ ਬੱਦਲਵਾਈ ਰਹੇਗੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 9 ਤੋਂ 17 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਵਿੱਚ ਬੱਦਲਵਾਈ ਰਹੇਗੀ। ਤੇਜ਼ ਹਵਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 8 ਤੋਂ 14 ਡਿਗਰੀ ਦੇ ਵਿਚਕਾਰ ਰਹੇਗਾ। ਜਲੰਧਰ ਵਿੱਚ ਬੱਦਲਵਾਈ ਰਹੇਗੀ। ਤੇਜ਼ ਹਵਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 8 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।


ਲੁਧਿਆਣਾ ਵਿੱਚ ਬੱਦਲਵਾਈ ਰਹੇਗੀ। ਤੇਜ਼ ਹਵਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 10 ਤੋਂ 16 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਮੁਹਾਲੀ ਵਿੱਚ ਬੱਦਲਵਾਈ ਰਹੇਗੀ। ਤੇਜ਼ ਹਵਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 8 ਤੋਂ 16 ਡਿਗਰੀ ਦੇ ਵਿਚਕਾਰ ਰਹੇਗਾ।