Punjab Weather and Pollution Report Today 18 May: ਪੰਜਾਬ 'ਚ ਮੰਗਲਵਾਰ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ, ਪਰ ਬੁੱਧਵਾਰ ਤੋਂ ਇਸ ਦਾ ਪ੍ਰਕੋਪ ਵਧਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਮੌਸਮ ਸਾਫ਼ ਰਹੇਗਾ ਤੇ ਤੇਜ਼ ਧੁੱਪ ਨਿਕਲੇਗੀ। ਇਸ ਕਾਰਨ ਤਾਪਮਾਨ ਤੇ ਗਰਮੀ 'ਚ ਵਾਧਾ ਹੋਵੇਗਾ। ਮੌਸਮ ਵਿਭਾਗ ਨੇ 19 ਤੇ 20 ਮਈ ਨੂੰ ‘ਲੂ’ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਐਕਟੀਵੇਟ ਹੋਣ ਕਾਰਨ ਮੌਸਮ ਫਿਰ ਤੋਂ ਬਦਲ ਜਾਵੇਗਾ ਤੇ ਅਸਮਾਨ 'ਚ ਹਲਕੇ ਬੱਦਲ ਦਿਖਾਈ ਦੇਣਗੇ। ਬਾਰਸ਼ ਵੀ ਪੈ ਸਕਦੀ ਹੈ।



ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਠਿੰਡਾ, ਮੁਕਤਸਰ ਤੇ ਫ਼ਿਰੋਜ਼ਪੁਰ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ 'ਚ ਵੱਧ ਤੋਂ ਵੱਧ ਤਾਪਮਾਨ 39 ਤੋਂ 41 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ, ਮੁਕਤਸਰ ਤੇ ਫ਼ਿਰੋਜ਼ਪੁਰ 'ਚ 42.3 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ 'ਚ ਹਵਾ ਗੁਣਵੱਤਾ ਸੂਚਕ ਅੰਕ ਸੰਤੋਸ਼ਜਨਕ ਤੋਂ ਦਰਮਿਆਨੀ ਕੈਟਾਗਰੀ 'ਚ ਹੈ। ਆਓ ਜਾਣਦੇ ਹਾਂ ਪੰਜਾਬ ਦੇ ਇਨ੍ਹਾਂ ਪ੍ਰਮੁੱਖ ਜ਼ਿਲ੍ਹਿਆਂ 'ਚ ਬੁੱਧਵਾਰ ਨੂੰ ਕਿਹੋ ਜਿਹਾ ਰਹੇਗਾ ਮੌਸਮ?

ਅੰਮ੍ਰਿਤਸਰ
ਅੰਮ੍ਰਿਤਸਰ 'ਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42 ਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਮੌਸਮ ਸਾਫ਼ ਰਹੇਗਾ। ਹਵਾ ਗੁਣਵੱਤਾ ਸੂਚਕ ਅੰਕ ‘ਮੱਧਮ’ ਕੈਟਾਗਰੀ 'ਚ 118 ਦਰਜ ਕੀਤਾ ਗਿਆ ਹੈ।

ਜਲੰਧਰ
ਜਲੰਧਰ 'ਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਇੱਥੇ ਵੀ ਮੌਸਮ ਸਾਫ਼ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਏਅਰ ਕੁਆਲਿਟੀ ਇੰਡੈਕਸ 96 ਹੈ, ਜੋ 'ਤਸੱਲੀਬਖਸ਼' ਕੈਟਾਗਰੀ 'ਚ ਆਉਂਦਾ ਹੈ।

ਲੁਧਿਆਣਾ
ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਇੱਥੋਂ ਦਾ ਮੌਸਮ ਅੰਮ੍ਰਿਤਸਰ ਵਰਗਾ ਹੀ ਰਹੇਗਾ। ਹਵਾ ਗੁਣਵੱਤਾ ਸੂਚਕਾਂਕ ‘ਦਰਮਿਆਨੀ’ ਕੈਟਾਗਰੀ 'ਚ 177 ਹੈ।

ਪਟਿਆਲਾ
ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਸਾਫ਼ ਰਹੇਗਾ। ਹਵਾ ਗੁਣਵੱਤਾ ਸੂਚਕਾਂਕ 'ਦਰਮਿਆਨੀ' ਕੈਟਾਗਰੀ 'ਚ 120 ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੌਸਮ ਅਜਿਹਾ ਹੀ ਬਣਿਆ ਹੋਇਆ ਹੈ।