Punjab Weather Report Update: ਲੋਹੜੀ ਦੇ ਦਿਨ ਦੀ ਸ਼ੁਰਆਤ ਵੀ ਸੰਘਣੀ ਧੁੰਦ ਨਾਲ ਹੋਈ ਹੈ। ਪੰਜਾਬ, ਹਰਿਆਣਾ ਸਮੇਤ ਚੰਡੀਗੜ੍ਹ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹਨ। ਧੁੰਦ ਕਾਰਨ ਵਿਜ਼ੀਬਿਲਟੀ ਵੀ ਕਾਫ਼ੀ ਘੱਟ ਰਹੀ ਹੈ। ਸੜਕ 'ਤੇ 25 ਤੋਂ 50 ਮੀਟਰ ਤੱਕ ਹੀ ਵਿਜ਼ੀਬਿਲਟੀ ਹੀ ਰਹੀ। 


ਬੀਤੇ ਦਿਨ ਚੰਡੀਗੜ੍ਹ ਮੌਸਮ ਵਿਭਾਗ ਨੇ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਸੀ। ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ। ਜਿੱਥੇ 1.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 3 ਡਿਗਰੀ ਤਾਪਮਾਨ ਰਿਹਾ ਹੈ। 



ਉੱਤਰ ਭਾਰਤ ਵਿੱਚ ਠੰਢ ਨੇ ਪਿਛਲੇ 10 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਦਿਨ ਵੇਲੇ ਤਾਪਮਾਨ ਵੀ 9 ਡਿਗਰੀ ਤੋਂ 10 ਡਿਗਰੀ ਵਿਚਾਲੇ ਦਰਜ ਕਿਤਾ ਜਾ ਰਿਹਾ ਹੈ। ਇਸੇ ਤਰ੍ਹਾਂ ਰਾਤਾਂ ਕਾਫ਼ੀ ਠੰਢੀਆਂ ਹੋ ਗਈਆਂ ਹਨ। ਰਾਤ ਦੇ ਤਾਪਮਾਨ 'ਚ 4 ਤੋਂ 5 ਡਿਗਰੀ ਗਿਰਾਵਟ ਆਈ ਹੈ। 


13 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ 14 ਤੋਂ 19 ਜਨਵਰੀ ਤੱਕ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਇੱਥੇ ਧੁੰਦ ਅਤੇ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ ਰਹੇਗਾ। ਰਾਤਾਂ ਠੰਢੀਆਂ ਰਹਿਣਗੀਆਂ, ਪਰ ਦਿਨ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਵੇਗਾ। 14 ਤੋਂ 19 ਜਨਵਰੀ ਤੱਕ ਮੌਸਮ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।



 ਚੰਡੀਗੜ੍ਹ 'ਚ ਸਥਿਤੀ ਆਮ ਵਾਂਗ ਬਣੀ ਹੋਈ ਹੈ, ਚੰਡੀਗੜ੍ਹ 'ਚ ਸਵੇਰੇ ਧੁੰਦ ਛਾਈ ਰਹੇਗੀ ਦੁਪਹਿਰ ਨੂੰ ਧੁੱਪ ਨਿਕਲੇਗੀ। ਜਦਕਿ ਹਿਮਾਚਲ 'ਚ 16-17 ਜਨਵਰੀ ਨੂੰ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੁਹਾਲੀ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।


ਅਜਿਹਾ ਹੀ ਹਾਲ ਹਰਿਆਣਾ ਦਾ ਹੈ। ਹਰਿਆਣਾ ਦੇ 8 ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਕੈਥਲ, ਮਹਿੰਦਰਗੜ੍ਹ, ਰੇਵਾੜੀ, ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। 


ਹਿਮਾਚਲ 'ਚ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮੌਸਮ ਆਮ ਵਾਂਗ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਬਿਲਾਸਪੁਰ, ਮੰਡੀ, ਹਮੀਰਪੁਰ, ਊਨਾ ਅਤੇ ਕਾਂਗੜਾ 'ਚ ਸਮੋਗ ਅਲਰਟ ਹੈ। ਇੱਥੇ 16 ਜਨਵਰੀ ਤੋਂ ਮੌਸਮ ਬਦਲ ਜਾਵੇਗਾ। 16-17 ਜਨਵਰੀ ਨੂੰ ਹਿਮਾਚਲ ਦੇ ਚੰਬਾ, ਕਿਨੌਰ, ਲਾਹੌਲ ਸਪਿਤੀ ਅਤੇ ਸ਼ਿਮਲਾ ਜ਼ਿਲਿਆਂ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਹੋ ਸਕਦੀ ਹੈ।


ਮੌਸਮ ਮਾਹਿਰਾਂ ਅਨੁਸਾਰ ਉੱਤਰੀ ਭਾਰਤ ਵਿੱਚ ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਨਾ ਪੈਣ ਦਾ ਇੱਕ ਵੱਡਾ ਕਾਰਨ ਗਲੋਬਲ ਪੈਟਰਨ ਹੈ। ਅਟਲਾਂਟਿਕ ਮਹਾਂਸਾਗਰ ਤੋਂ ਆਉਣ ਵਾਲੀਆਂ ਹਵਾਵਾਂ ਸਰਦੀਆਂ ਦੇ ਮੌਸਮ ਵਿੱਚ ਬਰਫ਼ਬਾਰੀ ਲਿਆਉਂਦੀਆਂ ਹਨ।