Jathedar Kaunke Case: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸਨ ਤੇ ਉਹਨਾਂ ਨੇ ਜਥੇਦਾਰ ਕਾਉਂਕੇ ਲਈ ਨਿਆਂ ਹਾਸਲ ਕਰਨ ਵਾਸਤੇ ਕਾਨੂੰਨੀ ਮਦਦ ਸਮੇਤ ਹਰ ਕਿਸਮ ਦੀ ਪੂਰੀ ਮਦਦ ਦਾ ਭਰੋਸਾ ਦੁਆਇਆ।
ਸ਼੍ਰੋਮਣੀ ਕਮੇਟੀ ਵੱਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਜਥੇਦਾਰ ਕਾਉਂਕੇ ਨੂੰ ਅਗਵਾ ਕਰਨ, ਤਸੀਹੇ ਦੇਣ ਤੇ ਫਿਰ ਕਤਲ ਕਰਨ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਬਣਾਈ ਕਮੇਟੀ ਵੀ ਇਸ ਮੌਕੇ ਬਾਦਲ ਦੇ ਨਾਲ ਮੌਜੂਦ ਸੀ। ਇਹਨਾਂ ਸਾਰਿਆਂ ਨੇ ਕਾਉਂਕੇ ਪਿੰਡ ਵਿਚ ਪਰਿਵਾਰ ਨਾਲ ਮੁਲਾਕਾਤ ਕੀਤੀ।
ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਕਾਉਂਕੇ ਦੇ ਸਪੁੱਤਰ ਹਰੀ ਸਿੰਘ ਅਤੇ ਉਹਨਾਂ ਦੀ ਪਤਨੀ ਬੀਬੀ ਗੁਰਦੇਵ ਕੌਰ ਨਾਲ ਕਾਫੀ ਸਮਾਂ ਬਿਤਾਇਆ ਤੇ ਉਹਨਾਂ ਨੂੰ ਅਗਵਾ ਕਰਨ ਤੇ ਫਿਰ ਕਤਲ ਕਰਨ ਦੇ ਸਾਰੇ ਮਾਮਲੇ ’ਤੇ ਚਰਚਾ ਕੀਤੀ। ਪਰਿਵਾਰਾਂ ਮੈਂਬਰਾਂ ਨੇ ਦੱਸਿਆ ਕਿ ਬੇਅੰਤ ਸਿੰਘ ਨੇ ਆਪ ਇਸ ਘਟਨਾ ਦਾ ਖੰਡਨ ਕਰਦਿਆਂ ਜਾਂਚ ਨੂੰ ਗਲਤ ਪਾਸੇ ਤੋਰਿਆ ਤੇ ਇਸ ’ਤੇ ਪਰਦਾ ਪਾਇਆ।
ਬਾਦਲ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਹਰ ਸੰਭਵ ਮਦਦ ਦੇਣਗੇ। ਬਾਦਲ ਨੇ ਕਿਹਾ ਕਿ ਜਥੇਦਾਰ ਕਾਉਂਕੇ ਦੇ ਕਤਲ ਲਈ ਜ਼ਿੰਮੇਵਾਰ ਸਾਰੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਵਾਸਤੇ ਕਾਨੂੰਨੀ ਲੜਾਈ ਲੜਨ ਵਾਸਤੇ ਵਕੀਲਾਂ ਦੀ ਟੀਮ ਗਠਿਤ ਕੀਤੀ ਜਾਵੇਗੀ।
ਇਸ ਦੌਰਾਨ ਕਾਉਂਕੇ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸਨਮਾਨ ਕੀਤਾ ਤੇ ਉਹਨਾਂ ਵੱਲੋਂ ਮਦਦ ਦਾ ਭਰੋਸਾ ਦੁਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਗਰੇਵਾਲ, ਵਿਰਸਾ ਸਿੰਘ ਵਲਟੋਹਾ, ਭਗਵੰਤ ਸਿੰਘ ਸਿਆਲਕਾ, ਐਸ ਆਰ ਕਲੇਰ ਤੇ ਸ੍ਰੀ ਸਨੀ ਗਿੱਲ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।