ਪੰਜਾਬ ਅਤੇ ਚੰਡੀਗੜ੍ਹ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਹੁਣ ਦਿਨ ਅਤੇ ਰਾਤ ਦੋਵੇਂ ਸਮੇਂ ਠੰਡ ਵੱਧਣ ਲੱਗ ਪਈ ਹੈ। ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦੋਵੇਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਘੱਟੋ-ਘੱਟ ਤਾਪਮਾਨ ਵਿੱਚ 2.3 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ। 4.4 ਡਿਗਰੀ ਤਾਪਮਾਨ ਨਾਲ ਸ਼ਹੀਦ ਭਗਤ ਸਿੰਘ ਨਗਰ ਸੂਬੇ ਦਾ ਸਭ ਤੋਂ ਠੰਡਾ ਇਲਾਕਾ ਰਿਹਾ ਹੈ।
ਉੱਥੇ ਹੀ ਮੈਦਾਨੀ ਇਲਾਕੇ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਘੱਟ ਦਰਜ ਕੀਤਾ ਗਿਆ ਹੈ। ਅੱਜ ਯਾਨੀਕਿ ਐਤਵਾਰ ਵਾਲੇ ਦਿਨ ਪੂਰੇ ਸੂਬੇ ਵਿੱਚ ਸੰਘਣੇ ਕੋਹਰੇ ਅਤੇ ਸ਼ੀਤਲਹਿਰ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸਵੇਰ ਅਤੇ ਰਾਤ ਦੇ ਸਮੇਂ ਕੁਝ ਸਮੇਂ ਲਈ ਸੰਘਣਾ ਕੋਹਰਾ ਛਾ ਸਕਦਾ ਹੈ।
ਕਈ ਸ਼ਹਿਰਾਂ ਵਿੱਚ ਵਿਜ਼ੀਬਿਲਿਟੀ ਜ਼ੀਰੋ
ਮੌਸਮ ਵਿਭਾਗ ਮੁਤਾਬਕ ਆਦਮਪੁਰ ਵਿੱਚ ਸ਼ੀਤਲਹਿਰ ਦਰਜ ਕੀਤੀ ਗਈ ਹੈ, ਜਦਕਿ ਅੰਮ੍ਰਿਤਸਰ, ਆਦਮਪੁਰ, ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਬਹੁਤ ਸੰਘਣਾ ਕੋਹਰਾ ਰਿਕਾਰਡ ਹੋਇਆ ਹੈ। ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵਿਜ਼ੀਬਿਲਿਟੀ ਜ਼ੀਰੋ ਦਰਜ ਕੀਤੀ ਗਈ।
ਉੱਥੇ ਹੀ ਪਟਿਆਲਾ ਵਿੱਚ ਵਿਜ਼ੀਬਿਲਿਟੀ ਸਿਰਫ਼ 40 ਮੀਟਰ, ਲੁਧਿਆਣਾ ਵਿੱਚ 50 ਮੀਟਰ, ਗੁਰਦਾਸਪੁਰ ਅਤੇ ਬੱਲੋਵਾਲ ਸੌਕੜੀ ਵਿੱਚ 50 ਤੋਂ 200 ਮੀਟਰ, ਜਦਕਿ ਚੰਡੀਗੜ੍ਹ ਵਿੱਚ ਕੇਵਲ 20 ਮੀਟਰ ਤੱਕ ਰਹੀ। ਇਸ ਕਾਰਨ ਫਲਾਈਟਾਂ ਅਤੇ ਟ੍ਰੇਨਾਂ ਦੀ ਆਵਾਜਾਈ ‘ਤੇ ਵੀ ਅਸਰ ਪਿਆ ਹੈ।
ਵੈਸਟਨ ਡਿਸਟਰਬਨ ਪਹਾੜਾਂ ‘ਤੇ ਪਹੁੰਚਿਆ
ਮੌਸਮ ਵਿਭਾਗ ਮੁਤਾਬਕ ਇੱਕ ਵੈਸਟਨ ਡਿਸਟਰਬਨ ਇਸ ਸਮੇਂ ਜੰਮੂ–ਕਸ਼ਮੀਰ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਉੱਥੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਜਦਕਿ ਦੂਜਾ ਪੱਛਮੀ ਵਿਗੜਾਅ ਵੀ 30 ਦਸੰਬਰ ਤੱਕ ਹਿਮਾਲਿਆ ਖੇਤਰ ਵਿੱਚ ਪਹੁੰਚ ਜਾਵੇਗਾ। ਇਸ ਨਾਲ ਬਰਫ਼ ਅਤੇ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਬੱਦਲ ਛਾਏ ਹੋਏ ਹਨ, ਜਿਸ ਕਾਰਨ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਆਵੇਗਾ। ਹਾਲਾਂਕਿ ਹਵਾਵਾਂ ਜ਼ਰੂਰ ਚੱਲਣਗੀਆਂ। ਹੁਣ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ।
ਅੱਜ ਪੂਰੇ ਸੂਬੇ ਵਿੱਚ ਮੌਸਮ ਕੁਝ ਇਸ ਤਰ੍ਹਾਂ ਰਹੇਗਾ
ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਕਈ ਥਾਵਾਂ ‘ਤੇ ਬਹੁਤ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ।
ਉੱਥੇ ਹੀ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਵਿੱਚ ਕਈ ਥਾਵਾਂ ‘ਤੇ ਬਹੁਤ ਸੰਘਣਾ ਕੋਹਰਾ ਅਤੇ ਸ਼ੀਤਲਹਿਰ ਚੱਲ ਸਕਦੀ ਹੈ। ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ ਵਿੱਚ ਸੰਘਣਾ ਕੋਹਰਾ ਅਤੇ ਸ਼ੀਤਲਹਿਰ ਰਹਿਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਕਈ ਥਾਵਾਂ ‘ਤੇ ਸੰਘਣਾ ਕੋਹਰਾ ਛਾਇਆ ਰਹੇਗਾ। ਮੌਸਮ ਜ਼ਿਆਦਾਤਰ ਸੁੱਕਾ ਰਹਿਣ ਦੀ ਸੰਭਾਵਨਾ ਹੈ।