ਪੰਜਾਬ ਵਿੱਚ ਅੱਜ ਯਾਨੀਕਿ 17 ਅਗਸਤ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਤਿੰਨ ਜ਼ਿਲ੍ਹਿਆਂ- ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇੱਥੇ ਤੇਜ਼ ਮੀਂਹ ਪੈਣ ਦੇ ਆਸਾਰ ਹਨ। ਰਾਜ ਵਿੱਚ 19 ਅਗਸਤ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਇਸ ਤੋਂ ਪਹਿਲਾਂ ਕੱਲ੍ਹ ਵੀ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਸੀ। ਇਸਦੇ ਨਾਲ ਹੀ ਰਾਜ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਹਲਕਾ ਵਾਧਾ ਵੀ ਦਰਜ ਕੀਤਾ ਗਿਆ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਦਾ ਵਾਧਾ ਹੋਇਆ ਹੈ, ਹਾਲਾਂਕਿ ਇਹ ਅਜੇ ਵੀ ਆਮ ਦਰ ‘ਤੇ ਹੀ ਕਾਇਮ ਹੈ। ਪਰ ਕੁਝ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਤੋਂ ਕਾਫ਼ੀ ਵੱਧ ਰਿਹਾ। ਮਾਨਸਾ ਦਾ ਵੱਧ ਤੋਂ ਵੱਧ ਤਾਪਮਾਨ ਆਮ ਤੋਂ 1.7 ਡਿਗਰੀ ਵੱਧ 38.1 ਡਿਗਰੀ ਦਰਜ ਕੀਤਾ ਗਿਆ, ਜੋ ਕਿ ਰਾਜ ਵਿੱਚ ਸਭ ਤੋਂ ਵੱਧ ਸੀ।

ਉੱਧਰ ਅੰਮ੍ਰਿਤਸਰ ਦਾ ਤਾਪਮਾਨ ਆਮ ਤੋਂ 3.1 ਡਿਗਰੀ ਵੱਧ 34.3 ਡਿਗਰੀ ਦਰਜ ਕੀਤਾ ਗਿਆ, ਲੁਧਿਆਣਾ ਦਾ ਤਾਪਮਾਨ 33.2 ਡਿਗਰੀ ਅਤੇ ਬਠਿੰਡਾ ਦਾ 35.2 ਡਿਗਰੀ ਰਿਹਾ। ਇਸੇ ਤਰ੍ਹਾਂ, ਰਾਜ ਵਿੱਚ ਬੀਤੇ ਦਿਨ ਸ਼ਾਮ 5:30 ਵਜੇ ਤੱਕ ਹੁਸ਼ਿਆਰਪੁਰ ਵਿੱਚ 29 ਮਿ.ਮੀ., ਰੂਪੜ ਵਿੱਚ 37.5 ਮਿ.ਮੀ., ਐਸ.ਬੀ.ਐਸ. ਨਗਰ ਵਿੱਚ 16 ਮਿ.ਮੀ. ਅਤੇ ਰੂਪਨਗਰ ਵਿੱਚ 2 ਮਿ.ਮੀ. ਮੀਂਹ ਦਰਜ ਕੀਤਾ ਗਿਆ।

ਨਦੀ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਤਰਨਤਾਰਨ ਹੜ੍ਹ ਦੀ ਚਪੇਟ ‘ਚ 

ਹਿਮਾਚਲ ਵਿੱਚ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਇਸ ਸਮੇਂ ਹੁਸ਼ਿਆਰਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਅਤੇ ਫ਼ਾਜ਼ਿਲਕਾ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਹਰਿਕੇ ਹੈੱਡਵਰਕਸ ‘ਤੇ ਜਿੱਥੇ ਬਿਆਸ ਤੇ ਸਤਲੁਜ ਦਾ ਸੰਗਮ ਹੁੰਦਾ ਹੈ, ਉੱਥੇ ਪਾਣੀ ਦਾ ਪੱਧਰ ਵੱਧਣ ਨਾਲ ਨੇੜਲੇ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ। ਪੱਟੀ ਇਲਾਕੇ ਦੇ ਪਿੰਡ ਰਾਮ ਸਿੰਘ ਵਾਲਾ ਦੇ ਨੇੜੇ ਸਤਲੁਜ ਨਦੀ ਦਾ ਧੁੰਸੀ ਬੰਨ੍ਹ ਟੁੱਟ ਗਿਆ ਹੈ, ਜਿਸਨੂੰ ਭਰਨ ਲਈ ਪ੍ਰਸ਼ਾਸਨ ਕੋਸ਼ਿਸ਼ਾਂ ਕਰ ਰਿਹਾ ਹੈ।

ਫ਼ਾਜ਼ਿਲਕਾ ਵਿੱਚ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਕਾਰਨ ਸਤਲੁਜ ਨਦੀ ਉਫ਼ਾਨ ‘ਤੇ ਹੈ ਅਤੇ ਇਸਦਾ ਪਾਣੀ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸ ਕਰਕੇ ਲੋਕਾਂ ਵਿੱਚ ਖੌਫ਼ ਪੈਦਾ ਹੋ ਰਿਹਾ ਹੈ। ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਦੇ ਪਿੰਡ ਕਾਂਵਾਵਾਲੀ ਦੇ ਨੇੜੇ ਸਤਲੁਜ ਦੇ ਪੁਲ ‘ਤੇ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਉਹ ਸੰਭਾਵਿਤ ਖ਼ਤਰੇ ਨੂੰ ਦੇਖਦੇ ਹੋਏ ਆਪਣੀਆਂ ਤਿਆਰੀਆਂ ਕਰ ਰਹੇ ਹਨ।

ਸੋਮਵਾਰ ਨੂੰ ਰਾਜ ਵਿੱਚ ਵਧੀਆ ਮੀਂਹ ਪੈਣ ਦਾ ਅਨੁਮਾਨ ਹੈ

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਅਤੇ ਮੰਗਲਵਾਰ ਤੱਕ ਅਲਰਟ ਸਿਰਫ਼ ਤਿੰਨ ਜ਼ਿਲ੍ਹਿਆਂ ਲਈ ਹੀ ਜਾਰੀ ਹੈ। ਪਰ 18 ਅਗਸਤ, ਸੋਮਵਾਰ ਨੂੰ ਰਾਜ ਵਿੱਚ ਵਧੀਆ ਮੀਂਹ ਪੈਣ ਦੇ ਆਸਾਰ ਹਨ। ਇਸ ਦਿਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਵੀ ਵਧੀਆ ਮੀਂਹ ਪੈਣ ਦੇ ਸੰਕੇਤ ਮਿਲ ਰਹੇ ਹਨ।

ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ

ਅੰਮ੍ਰਿਤਸਰ: ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਵੀ ਸੰਭਾਵਨਾ ਹੈ। ਤਾਪਮਾਨ 27 ਤੋਂ 30 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।ਜਲੰਧਰ: ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਵੀ ਸੰਭਾਵਨਾ ਹੈ। ਤਾਪਮਾਨ 27 ਤੋਂ 30 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।ਲੁਧਿਆਣਾ: ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਵੀ ਸੰਭਾਵਨਾ ਹੈ। ਤਾਪਮਾਨ 25 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।ਪਟਿਆਲਾ: ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਵੀ ਸੰਭਾਵਨਾ ਹੈ। ਤਾਪਮਾਨ 27 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।ਮੋਹਾਲੀ: ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਵੀ ਸੰਭਾਵਨਾ ਹੈ। ਤਾਪਮਾਨ 26 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।