Chandigarh News: ਚੰਡੀਗੜ੍ਹ ਦੇ ਸੈਕਟਰ-15 ਦੇ ਰਹਿਣ ਵਾਲੇ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮਸ਼ਹੂਰ ਵਕੀਲ ਜਤਿਨ ਸਲਵਾਨ ਨੂੰ ਸੀਬੀਆਈ ਨੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਦੋਸ਼ ਲੱਗਿਆ ਹੈ ਕਿ ਉਨ੍ਹਾਂ ਨੇ ਆਪਣੇ ਮੁਵੱਕਿਲ ਨੂੰ ਕਿਹਾ ਸੀ ਕਿ ਉਸ ਨੂੰ ਜੇਕਰ ਇਸ ਮਾਮਲੇ ਵਿੱਚ ਜੱਜ ਦੀ ਮਦਦ ਲੈਣੀ ਤਾਂ ਉਸ ਨੂੰ 30 ਲੱਖ ਰੁਪਏ ਲਿਆਉਣੇ ਪੈਣਗੇ। ਸੈਕਟਰ-41 ਦੇ ਰਹਿਣ ਵਾਲੇ ਸਤਨਾਮ ਸਿੰਘ ਨੂੰ ਵੀ ਇਸੇ ਕੰਮ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।

Continues below advertisement



ਸੀਬੀਆਈ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਰਿਸ਼ਵਤਖੋਰੀ ਦੀ ਫ਼ੋਨ ਰਿਕਾਰਡਿੰਗ ਹੈ। ਸੀਬੀਆਈ ਨੇ ਦੋਵਾਂ ਨੂੰ 5 ਲੱਖ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਫੜਿਆ। ਫਿਲਹਾਲ ਜੱਜ ਦਾ ਸਿੱਧਾ ਰੋਲ ਸਾਹਮਣੇ ਨਹੀਂ ਆਇਆ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਅਦਾਲਤ ਦੇ ਜੱਜ ਨੂੰ ਨੋਟਿਸ ਭੇਜਿਆ ਜਾ ਸਕਦਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਹੁਣ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।



ਕੀ ਹੈ ਪੂਰਾ ਮਾਮਲਾ, ਕਿਵੇਂ ਲੱਗਿਆ ਪਤਾ?


13 ਅਗਸਤ ਨੂੰ ਫਿਰੋਜ਼ਪੁਰ ਦੀ ਬੇਦੀ ਕਲੋਨੀ ਦੇ ਰਹਿਣ ਵਾਲੇ ਹਰਸਿਮਰਨਜੀਤ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ krਤੀ। ਉਸ ਨੇ ਦੱਸਿਆ ਕਿ ਉਸ ਦੀ ਚਚੇਰੀ ਭੈਣ ਸੰਦੀਪ ਕੌਰ ਦਾ ਤਲਾਕ ਦਾ ਕੇਸ ਬਠਿੰਡਾ ਅਦਾਲਤ ਵਿੱਚ ਚੱਲ ਰਿਹਾ ਹੈ।


ਇਸ ਮਾਮਲੇ ਵਿੱਚ ਵਕੀਲ ਜਤਿਨ ਸਲਵਾਨ ਵਾਰ-ਵਾਰ ਉਸ 'ਤੇ ਦਬਾਅ ਪਾ ਰਿਹਾ ਸੀ ਕਿ ਜੇਕਰ ਕੇਸ ਦਾ ਫੈਸਲਾ ਆਪਣੇ ਹੱਕ ਵਿੱਚ ਲੈਣਾ ਹੈ ਤਾਂ ਜੱਜ ਨੂੰ 30 ਲੱਖ ਰੁਪਏ ਦੇਣੇ ਪੈਣਗੇ। ਸਲਵਾਨ ਨੇ ਇਹ ਵੀ ਕਿਹਾ ਕਿ ਜਿਵੇਂ ਹੀ ਪੈਸੇ ਦਿੱਤੇ ਜਾਣਗੇ, ਜੱਜ ਦਾ ਖਾਸ ਆਦਮੀ ਆ ਕੇ ਪੈਸੇ ਲੈ ਜਾਵੇਗਾ ਅਤੇ ਫੈਸਲਾ ਉਸ ਦੇ ਹੱਕ ਵਿੱਚ ਆ ਜਾਵੇਗਾ।


ਜਦੋਂ ਹਰਸਿਮਰਨਜੀਤ ਨੇ ਰਕਮ ਘਟਾਉਣ ਦੀ ਗੱਲ ਕੀਤੀ ਤਾਂ ਸਲਵਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ "ਰਿਸ਼ਵਤ ਦਾ ਪੈਸਾ ਕਦੇ ਨਹੀਂ ਘਟਦਾ"। ਇਸ ਤੋਂ ਬਾਅਦ ਹਰਸਿਮਰਨਜੀਤ ਨੇ ਸੀਬੀਆਈ ਨਾਲ ਸੰਪਰਕ ਕੀਤਾ। ਸ਼ਿਕਾਇਤ 'ਤੇ ਸੀਬੀਆਈ ਨੇ ਜਾਲ ਵਿਛਾ ਕੇ ਸਲਵਾਨ ਅਤੇ ਉਸਦੇ ਸਾਥੀ ਨੂੰ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਂਦਿਆਂ ਹੋਇਆਂ ਰੰਗੇ ਹੱਥੀਂ ਫੜ ਲਿਆ।


ਸੀਬੀਆਈ ਨੇ ਜਤਿਨ ਸਲਵਾਨ ਅਤੇ ਸਤਨਾਮ ਸਿੰਘ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਦੋਵਾਂ ਨੂੰ ਹੁਣ 18 ਅਗਸਤ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।