Punjab Weather Update: ਪੰਜਾਬ ਵਿੱਚ ਮੌਸਮ ਨੇ ਮੁੜ ਕਰਵਟ ਲਈ ਹੈ। ਵੈਸਟਰਨ ਡਿਸਟਰਬੈਂਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਵੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਤੇ 15 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 


ਮੌਸਮ ਵਿਭਾਗ ਅਨੁਸਾਰ ਅੱਜ ਇਨ੍ਹਾਂ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਗਰਜ ਨਾਲ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਇਸ ਲਈ ਅਜਿਹੇ ਮੌਸਮ ਵਿੱਚ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਸਲਾਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਰੱਖਣ ਦੀ ਸਲਾਹ ਦਿੱਤੀ ਗਈ ਹੈ।



ਮੌਸਮ ਵਿਭਾਗ ਅਨੁਸਾਰ ਸਰਦੂਲਗੜ੍ਹ, ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਮੂਨਕ, ਪਾਤੜਾਂ, ਸਮਾਣਾ, ਲੁਧਿਆਣਾ, ਨਾਭਾ, ਰਾਜਪੁਰਾ, ਫਤਹਿਗੜ੍ਹ ਸਾਹਿਬ, ਅਮਲੋਹ, ਤਲਵੰਡੀ ਸਾਬੋ, ਮਲੋਟ, ਬਠਿੰਡਾ, ਗਿੱਦੜਬਾਹਾ, ਰਾਜਪੁਰਾ, ਫੂਲ, ਜੈਤੋ, ਸ੍ਰੀ ਮੁਕਤਸਰ ਸਾਹਿਬ, ਖੰਨਾ, ਪਾਇਲ, ਲੁਧਿਆਣਾ ਪੂਰਬੀ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫ਼ਿਰੋਜ਼ਪੁਰ, ਜ਼ੀਰਾ, ਨਿਹਾਲ ਸਿੰਘ ਵਾਲਾ, ਰਾਏਕੋਟ, ਜਗਰਾਓ, ਲੁਧਿਆਣਾ ਪੱਛਮੀ ਵਿੱਚ ਮੌਸਮ ਬਦਲਣ ਦਾ ਅਨੁਮਾਨ ਹੈ। ਇੱਥੇ ਤੇਜ਼ ਹਵਾਵਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ।



ਇਸ ਦੇ ਨਾਲ ਹੀ ਬਦਲਦੇ ਮੌਸਮ ਦਾ ਤਾਪਮਾਨ 'ਤੇ ਵੀ ਅਸਰ ਸਾਫ਼ ਨਜ਼ਰ ਆ ਰਿਹਾ ਹੈ। ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਤੇ ਘੱਟ ਤੋਂ ਘੱਟ 18.1 ਡਿਗਰੀ ਦਰਜ ਕੀਤਾ ਗਿਆ। ਇਹ ਪੂਰੇ ਪੰਜਾਬ ਵਿੱਚ ਸਭ ਤੋਂ ਘੱਟ ਰਿਹਾ। 


ਇਸ ਤੋਂ ਇਲਾਵਾ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 23.6 ਡਿਗਰੀ ਤੇ ਜਲੰਧਰ ਦਾ 22.2 ਡਿਗਰੀ ਦਰਜ ਕੀਤਾ ਗਿਆ ਹੈ। ਹਾਲਾਂਕਿ ਪਹਿਲਾਂ ਤਾਪਮਾਨ ਵਧ ਰਿਹਾ ਸੀ। ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਏਸੀ ਤੇ ਕੂਲਰ ਆਦਿ ਚਲਾਉਣ ਲਈ ਮਜਬੂਰ ਹੋਣਾ ਪਿਆ। ਮੌਸਮ ਵਿਭਾਗ ਮੁਤਾਬਕ ਇਸ ਮੌਸਮ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੈ।