ਪੰਜਾਬ ਅਤੇ ਚੰਡੀਗੜ੍ਹ ‘ਚ ਠੰਢ ਹੋਰ ਵੱਧ ਗਈ ਹੈ। ਕਈ ਇਲਾਕਿਆਂ ‘ਚ ਸਵੇਰੇ-ਸ਼ਾਮ ਹਲਕੀ ਧੁੰਦ ਪੈ ਰਹੀ ਹੈ ਤੇ ਸੁੱਕੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਘੱਟੋ-ਘੱਟ ਤਾਪਮਾਨ ‘ਚ 0.5 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਹੁਣ ਨਾਰਮਲ ਦੇ ਨੇੜੇ ਪਹੁੰਚ ਚੁੱਕਿਆ ਹੈ। ਸਾਰੇ ਜ਼ਿਲਿਆਂ ਵਿੱਚ ਨਿਊਨਤਮ ਤਾਪਮਾਨ ਘਟਿਆ ਹੈ। ਫਰੀਦਕੋਟ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ ਹੈ।

Continues below advertisement


ਅਗਲੇ ਤਿੰਨ ਦਿਨ ਰਾਤ ਦੇ ਤਾਪਮਾਨ ਵਿੱਚ ਕੋਈ ਵੱਡਾ ਫ਼ਰਕ ਨਹੀਂ ਆਵੇਗਾ


ਮੌਸਮ ਵਿਭਾਗ ਦੇ ਮੁਤਾਬਕ ਅਗਲੇ ਸੱਤ ਦਿਨਾਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਸੁੱਕਾ ਹੀ ਰਹੇਗਾ। ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਪੈ ਸਕਦੀ ਹੈ। ਰਾਤ ਦਾ ਤਾਪਮਾਨ ਜਿਵੇਂ ਇਸ ਵੇਲੇ ਚੱਲ ਰਿਹਾ ਹੈ, ਤਕਰੀਬਨ ਉਸੇ ਤਰ੍ਹਾਂ ਕਾਇਮ ਰਹੇਗਾ। ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਇਸ ਤੋਂ ਇਲਾਵਾ ਅਗਲੇ ਦੋ ਦਿਨ ਦਿੱਲੀ–ਅੰਮਬਾਲਾ ਹਾਈਵੇਅ ਤੇ ਅੰਬਾਲਾ–ਅੰਮ੍ਰਿਤਸਰ ਹਾਈਵੇਅ ‘ਤੇ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਅਤੇ ਆਵਾਜਾਈ ‘ਤੇ ਕਿਸੇ ਤਰ੍ਹਾਂ ਦਾ ਅਸਰ ਹੋਣ ਦੀ ਸੰਭਾਵਨਾ ਨਹੀਂ ਹੈ।


ਪੰਜਾਬ ਦੇ ਸਭ ਸ਼ਹਿਰਾਂ ਦੀ ਹਵਾ ਪ੍ਰਦੂਸ਼ਿਤ


ਪੰਜਾਬ ਵਿੱਚ ਇਸ ਵੇਲੇ ਹਵਾ ਦੀ ਗੁਣਵੱਤਾ ਕਾਫ਼ੀ ਖਰਾਬ ਚੱਲ ਰਹੀ ਹੈ। ਰੂਪਨਗਰ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਦਾ AQI 100 ਤੋਂ ਵੱਧ ਦਰਜ ਕੀਤਾ ਗਿਆ ਹੈ। ਮੰਡੀ ਗੋਬਿੰਦਗੜ੍ਹ ਦੀ ਹਵਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੈ।


ਅੰਮ੍ਰਿਤਸਰ ਦਾ AQI ਸਵੇਰੇ 6 ਵਜੇ 196 ਦਰਜ ਕੀਤਾ ਗਿਆ, ਜਦਕਿ ਬਠਿੰਡਾ ਦਾ AQI 159, ਜਲੰਧਰ ਦਾ 133 ਅਤੇ ਖੰਨਾ ਦਾ AQI 142 ਤੱਕ ਪਹੁੰਚ ਗਿਆ ਹੈ।


ਇਸੇ ਤਰ੍ਹਾਂ ਲੁਧਿਆਣਾ ਦਾ AQI 122, ਮੰਡੀ ਗੋਬਿੰਦਗੜ੍ਹ ਦਾ 213, ਪਟਿਆਲਾ ਦਾ 135 ਅਤੇ ਰੂਪਨਗਰ ਦਾ AQI 62 ਦਰਜ ਹੋਇਆ ਹੈ। ਚੰਡੀਗੜ੍ਹ ਦੇ ਸੈਕਟਰ-22 ਅਤੇ ਸੈਕਟਰ-55 ਦਾ AQI 155 ਅਤੇ ਸੈਕਟਰ-53 ਵਿੱਚ AQI 153 ਰਿਕਾਰਡ ਕੀਤਾ ਗਿਆ ਹੈ।


ਅਜਿਹੇ ਹਾਲਾਤਾਂ ਵਿੱਚ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ।


ਚੰਡੀਗੜ੍ਹ ਵਿੱਚ 8 ਸਾਲ ਬਾਅਦ ਰਾਤਾਂ ਹੋਈਆਂ ਹੋਰ ਠੰਡੀ


ਚੰਡੀਗੜ੍ਹ ਵਿੱਚ ਸੋਮਵਾਰ ਨੂੰ ਨਿਊਨਤਮ ਤਾਪਮਾਨ 8.3 ਡਿਗਰੀ ਸੀ, ਜੋ ਮੰਗਲਵਾਰ ਨੂੰ ਘਟ ਕੇ 7.9 ਡਿਗਰੀ ਰਹਿ ਗਿਆ। ਇਹ ਨਾਰਮਲ ਤੋਂ 3 ਡਿਗਰੀ ਘੱਟ ਹੈ। ਮੌਸਮ ਵਿਭਾਗ ਦੇ ਮੁਤਾਬਕ ਅਜਿਹੀ ਸਥਿਤੀ ਲਗਭਗ 8 ਸਾਲ ਬਾਅਦ ਬਣੀ ਹੈ। ਇਸ ਤੋਂ ਪਹਿਲਾਂ 24 ਨਵੰਬਰ 2017 ਨੂੰ ਨਿਊਨਤਮ ਤਾਪਮਾਨ 7.5°C ਦਰਜ ਹੋਇਆ ਸੀ।


ਮੌਸਮ ਵਿਭਾਗ (IMD) ਦੇ ਅਨੁਸਾਰ ਅਗਲੇ ਦਿਨਾਂ 'ਚ ਤਾਪਮਾਨ ਹੋਰ ਵੀ ਘਟ ਸਕਦਾ ਹੈ। ਉੱਤਰੀ-ਪੱਛਮੀ ਦਿਸ਼ਾ ਤੋਂ ਆ ਰਹੀਆਂ ਠੰਡੀ ਹਵਾਵਾਂ ਕਾਰਨ ਰਾਤਾਂ ਜ਼ਿਆਦਾ ਠੰਡੀ ਹੋ ਰਹੀਆਂ ਹਨ। ਅਗਲੇ ਦਿਨਾਂ 'ਚ ਵੀ ਇਹ ਹਵਾਵਾਂ ਚੱਲਦੀਆਂ ਰਹਿਣਗੀਆਂ ਅਤੇ ਦਸੰਬਰ ਨੇੜੇ ਆਉਂਦੇ ਹੀ ਤਾਪਮਾਨ ਹੋਰ ਵੀ ਕੱਟੇਗਾ।


ਇਥੋਪੀਆ ਦੀ ਰਾਖ ਦਾ ਅਸਰ ਨਹੀਂ ਪਿਆ


ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦੇ ਮੁਤਾਬਕ ਉੱਪਰਲੇ ਵਾਤਾਵਰਣ ਵਿੱਚ ਚੱਲ ਰਹੀਆਂ ਤੇਜ਼ ਹਵਾਵਾਂ ਇਥੋਪੀਆ ਤੋਂ ਰਾਖ ਨੂੰ ਲਾਲ ਸਾਗਰ, ਯਮਨ, ਓਮਾਨ ਰਾਹੀਂ ਅਰਬ ਸਾਗਰ ਤੱਕ ਲਿਆਈਆਂ ਅਤੇ ਫਿਰ ਇਹ ਰਾਖ ਉੱਤਰੀ ਤੇ ਪੱਛਮੀ ਭਾਰਤ ਦੇ ਉੱਪਰ ਤੱਕ ਪਹੁੰਚ ਗਈ। ਹਾਲਾਂਕਿ ਇਸ ਰਾਖ ਦਾ ਚੰਡੀਗੜ੍ਹ ਦੀ ਹਵਾ 'ਤੇ ਕੋਈ ਪ੍ਰਭਾਵ ਨਹੀਂ ਪਿਆ।


ਪਰ ਪਾਲ ਨੇ ਇਹ ਵੀ ਕਿਹਾ ਕਿ ਘਟਦਾ ਤਾਪਮਾਨ ਹਵਾ ਦੀ ਕੁਆਲਟੀ ਨੂੰ ਖਰਾਬ ਕਰ ਸਕਦਾ ਹੈ, ਕਿਉਂਕਿ ਠੰਡੀ ਹਵਾ ਪ੍ਰਦੂਸ਼ਕਾਂ ਨੂੰ ਹੇਠਾਂ ਹੀ ਰੋਕ ਲੈਂਦੀ ਹੈ। ਮੰਗਲਵਾਰ ਰਾਤ 10:30 ਵਜੇ ਤੱਕ ਸੈਟਲਾਈਟ ਤਸਵੀਰਾਂ 'ਚ ਦਿਖਾਇਆ ਗਿਆ ਕਿ ਰਾਖ ਦਾ ਬੱਦਲ ਭਾਰਤ ਤੋਂ ਨਿਕਲ ਚੁੱਕਾ ਹੈ ਅਤੇ ਚੀਨ ਵੱਲ ਵਧ ਰਿਹਾ ਹੈ।


ਕਦੋਂ ਪੈ ਸਕਦਾ ਮੀਂਹ?


 ਮੌਸਮ ਵਿਭਾਗ ਦੇ ਮੁਤਾਬਕ ਨਵੰਬਰ ਦੇ ਅਖੀਰ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਪੰਜਾਬ ‘ਚ ਮੀਂਹ ਪੈ ਸਕਦਾ ਹੈ। ਵਰਖਾ ਹੋਣ ਤੋਂ ਬਾਅਦ ਰਾਜ ‘ਚ AQI ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਤਾਪਮਾਨ ਵਿਚ ਵੀ ਵੱਡੀ ਗਿਰਾਵਟ ਆਵੇਗੀ ਅਤੇ ਕੜਾਕੇ ਦੀ ਠੰਢ ਦੀ ਸ਼ੁਰੂਆਤ ਹੋ ਜਾਵੇਗੀ।