Punjab Weather Update: ਪੰਜਾਬ ਤੇ ਹਰਿਆਣਾ 'ਚ ਪੱਛਮੀ ਗੜਬੜੀ (ਵੈਸਟਨ ਡਿਸਟਰਬੈਂਸ) ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਮੌਸਮ ਵਿੱਚ ਸੁਧਾਰ ਹੋਣ ਲੱਗਾ ਹੈ। ਉਂਝ ਅੱਜ ਦੋਵਾਂ ਸੂਬਿਆਂ ਦੇ ਪੇਂਡੂ ਖੇਤਰ ਵਿੱਚ ਧੁੰਦ ਛਾਈ ਹੋਈ ਹੈ, ਜਦੋਂਕਿ ਸ਼ਹਿਰਾਂ ਵਿੱਚ ਬੱਦਲ ਛਾਏ ਹੋਏ ਹਨ। ਪੰਜਾਬ ਦੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਅੱਜ ਸਵੇਰੇ ਪੇਂਡੂ ਖੇਤਰਾਂ ਵਿੱਚ ਧੁੰਦ ਛਾਈ ਹੋਈ ਹੈ। 



ਉਧਰ, ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ 6 ਫਰਵਰੀ ਤੋਂ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਮੰਗਲਵਾਰ ਤੋਂ ਦੋਵਾਂ ਰਾਜਾਂ ਵਿੱਚ ਆਸਮਾਨ ਸਾਫ਼ ਤੇ ਧੁੱਪ ਰਹੇਗੀ। ਇਸ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਵਧਣਾ ਸ਼ੁਰੂ ਹੋ ਜਾਵੇਗਾ।


ਅੱਜ ਹਰਿਆਣਾ ਦੇ ਪੰਚਕੂਲਾ, ਕਰਨਾਲ, ਅੰਬਾਲਾ, ਪਾਣੀਪਤ, ਸੋਨੀਪਤ 'ਚ ਸਵੇਰੇ ਧੁੰਦ ਦੇਖਣ ਨੂੰ ਮਿਲੀ। ਕੁਰੂਕਸ਼ੇਤਰ, ਸਿਰਸਾ, ਨਾਰਨੌਲ, ਜੀਂਦ ਸਮੇਤ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਹੈ। ਅੱਜ ਸਾਰੇ 22 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।



ਮੌਸਮ ਵਿਭਾਗ ਮੁਤਾਬਕ ਹਿਮਾਚਲ ਵਿੱਚ ਮੰਡੀ ਦੇ ਜੋਗਿੰਦਰ ਨਗਰ ਵਿੱਚ 13 ਐਮਐਮ, ਸ਼ਿਮਲਾ ਦੇ ਰੋਹੜੂ ਵਿੱਚ 10 ਐਮਐਮ, ਮੰਡੀ ਦੇ ਗੋਹਰ ਵਿੱਚ 9 ਐਮਐਮ, ਜੁਬਰਹਾਟੀ ਵਿੱਚ 8.4 ਐਮਐਮ, ਸ਼ਿਮਲਾ ਦੇ ਸਰਹਾਨ ਵਿੱਚ 6.6 ਐਮਐਮ ਤੇ ਹਮੀਰਪੁਰ ਦੇ ਸੁਜਾਨਪੁਰ ਤੀਰਾ ਵਿੱਚ 6.5 ਐਮਐਮ ਮੀਂਹ ਪਿਆ। ਜਦੋਂਕਿ ਪਾਲਮਪੁਰ (ਕਾਂਗਰਾ), ਸਿਓਬਾਗ ਤੇ ਕੁੱਲੂ ਵਿੱਚ 6.2 ਮਿਲੀਮੀਟਰ ਤੇ ਸ਼ਿਮਲਾ ਵਿੱਚ 5 ਮਿਲੀਮੀਟਰ ਬਰਫ਼ਬਾਰੀ ਹੋਈ। ਸੋਮਵਾਰ ਨੂੰ ਵੀ ਹਿਮਾਚਲ 'ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ। 


ਮੌਸਮ ਵਿਭਾਗ ਮੁਤਾਬਕ ਅੱਜ ਚੰਡੀਗੜ੍ਹ ਵਿੱਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 11 ਤੋਂ 15 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਅੰਮ੍ਰਿਤਸਰ ਵਿੱਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਤਾਪਮਾਨ 8 ਤੋਂ 15 ਡਿਗਰੀ ਦੇ ਵਿਚਕਾਰ ਰਹੇਗਾ।


ਜਲੰਧਰ ਵਿੱਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 9 ਤੋਂ 17 ਡਿਗਰੀ ਦੇ ਵਿਚਕਾਰ ਰਹੇਗਾ। ਲੁਧਿਆਣਾ ਵਿੱਚ ਹਲਕੀ ਬੱਦਲਵਾਈ ਰਹੇਗੀ। ਤਾਪਮਾਨ 9 ਤੋਂ 18 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਮੁਹਾਲੀ ਵਿੱਚ ਹਲਕੀ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 10 ਤੋਂ 18 ਡਿਗਰੀ ਦੇ ਵਿਚਕਾਰ ਰਹੇਗਾ।