IMD Weather Update: ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਮੰਗਲਵਾਰ ਸਵੇਰੇ ਦਿੱਲੀ ਪੂਰੀ ਤਰ੍ਹਾਂ ਸੀਤ ਲਹਿਰ ਅਤੇ ਧੁੰਦ ਦੀ ਲਪੇਟ 'ਚ ਆ ਗਈ। ਦਿੱਲੀ 'ਚ ਅੱਜ ਸਵੇਰੇ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੇ ਕੜਾਕੇ ਦੀ ਠੰਡ ਮਹਿਸੂਸ ਕੀਤੀ। ਦਿੱਲੀ ਐਨਸੀਆਰ ਵਿੱਚ ਵਿਜ਼ੀਬਿਲਟੀ ਨਾਂਹ ਦੇ ਬਰਾਬਰ ਰਹੀ। ਮੌਸਮ ਵਿਭਾਗ ਨੇ ਪੂਰੇ NCR ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਉੱਧਰ ਗੱਲ ਕਰੀਏ ਪੰਜਾਬ ਦੀ ਤਾਂ ਠੰਢ ਕਾਰਨ ਕੰਬ ਰਿਹਾ ਹੈ। ਸੋਮਵਾਰ ਨੂੰ ਸੰਘਣੀ ਧੁੰਦ ਵਿਚਾਲੇ ਠੰਢ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ। ਸਵੇਰੇ ਦਸ ਵਜੇ ਤੱਕ ਸੰਘਣੀ ਧੁੰਦ ਛਾਈ ਰਹੀ।
ਪਹਾੜਾਂ ‘ਤੇ ਬਰਫਬਾਰੀ ਕਾਰਨ ਪੂਰਾ ਉੱਤਰੀ ਭਾਰਤ ਸੀਤ ਲਹਿਰ ਦੀ ਲਪੇਟ ‘ਚ ਹੈ, ਉਥੇ ਹੀ ਸੋਮਵਾਰ ਨੂੰ ਪੰਜਾਬ-ਹਰਿਆਣਾ ‘ਚ ਇਕ ਵਾਰ ਫਿਰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਅਗਲੇ 2 ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਦਿੱਲੀ 'ਚ ਅਗਲੇ 5 ਦਿਨਾਂ ਤੱਕ ਕੜਾਕੇ ਦੀ ਠੰਡ ਰਹੇਗੀ
ਭਾਰਤ ਦੇ ਮੌਸਮ ਵਿਭਾਗ ਨੇ ਅੱਜ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਗ੍ਰੇਟਰ ਨੋਇਡਾ, ਨੋਇਡਾ ਅਤੇ ਦਿੱਲੀ ਐਨਸੀਆਰ ਦੇ ਹੋਰ ਖੇਤਰਾਂ ਲਈ ਵੀ ਆਰੇਂਜ ਅਲਰਟ ਜਾਰੀ ਕੀਤਾ ਹੈ। IMD ਨੇ ਸਵੇਰ ਦਾ ਤਾਪਮਾਨ ਤਿੰਨ ਡਿਗਰੀ ਤੋਂ ਹੇਠਾਂ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਅੱਜ ਦਾ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਚਾਰ ਡਿਗਰੀ ਘੱਟ ਰਹੇਗਾ। 21 ਜਨਵਰੀ ਤੱਕ ਮੌਸਮ ਵਿੱਚ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ। ਅਗਲੇ ਪੰਜ ਦਿਨਾਂ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਇੱਕ ਤੋਂ ਦੋ ਦਿਨਾਂ ਦਾ ਬਦਲਾਅ ਨਹੀਂ ਹੋਵੇਗਾ।
ਅਗਲੇ ਪੰਜ ਦਿਨਾਂ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਸਿਰਫ਼ ਇੱਕ ਤੋਂ ਦੋ ਡਿਗਰੀ ਦਾ ਫ਼ਰਕ ਰਹਿਣ ਦਾ ਅਨੁਮਾਨ ਹੈ। ਮੰਗਲਵਾਰ ਨੂੰ ਦਿੱਲੀ, ਪੰਜਾਬ ਤੇ ਹਰਿਆਣਾ 'ਚ ਬੱਦਲ ਛਾਏ ਰਹਿਣਗੇ। ਸੂਰਜ ਦੀ ਰੌਸ਼ਨੀ ਦੀ ਸੰਭਾਵਨਾ ਘੱਟ ਹੈ। ਧੁੰਦ ਕਾਰਨ ਵਿਜ਼ੀਬਿਲਟੀ ਨਾ-ਮਾਤਰ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਠੰਡੀ ਹਵਾ ਕਾਰਨ ਲੋਕਾਂ 'ਤੇ ਠੰਡ ਦਾ ਕਹਿਰ ਜਾਰੀ ਰਹਿਣ ਦਾ ਅਨੁਮਾਨ ਹੈ।
ਇਸ ਸੀਜ਼ਨ 'ਚ ਘੱਟ ਤੋਂ ਘੱਟ ਠੰਡ ਦਾ ਰਿਕਾਰਡ ਟੁੱਟ ਗਿਆ ਹੈ
ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਸਵੇਰੇ ਦਿੱਲੀ ਦਾ ਘੱਟੋ-ਘੱਟ ਤਾਪਮਾਨ ਔਸਤ ਤੋਂ ਚਾਰ ਡਿਗਰੀ ਸੈਲਸੀਅਸ ਘੱਟ ਯਾਨੀ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਰਾਸ਼ਟਰੀ ਰਾਜਧਾਨੀ 'ਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੋਮਵਾਰ ਤੱਕ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 3.6 ਡਿਗਰੀ ਸੈਲਸੀਅਸ ਅਤੇ ਸ਼ੁੱਕਰਵਾਰ ਨੂੰ 3.9 ਡਿਗਰੀ ਸੈਲਸੀਅਸ ਸੀ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਭਾਰੀ ਧੁੰਦ ਪੈਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ ਕਪੂਰਥਲਾ, ਜਲੰਧਰ, ਫਤਿਹਗੜ੍ਹ, ਨਵਾਂਸ਼ਹਿਰ, ਮੁਕਤਸਰ, ਪਟਿਆਲਾ, ਮੋਗਾ, ਅੰਮ੍ਰਿਤਸਰ, ਫਾਜ਼ਿਲਕਾ, ਬਰਨਾਲਾ, ਬਠਿੰਡਾ, ਲੁਧਿਆਣਾ, ਹੁਸ਼ਿਆਰਪੁਰ, ਤਰਨਤਾਰਨ, ਮਾਨਸਾ ਅਤੇ ਸੰਗਰੂਰ ਸ਼ਾਮਲ ਹਨ। ਭਾਰੀ ਧੁੰਦ ਦਾ ਅਸਰ ਉਡਾਣਾਂ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਰਕੇ ਕੁੱਝ ਉਡਾਣਾ ਆਪਣੇ ਸਮੇਂ ਤੋਂ ਲੇਟ ਹਨ।