Punjab Weather Update: ਧੁੰਦ ਤੇ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ 'ਚ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਹਰਿਆਣਾ ਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ, ਹੁਸ਼ਿਆਰਪੁਰ, ਰੂਪਨਗਰ ਤੇ ਮੁਹਾਲੀ 'ਚ ਅੱਜ 25 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਭਿਵਾਨੀ, ਚਰਖੀ ਦਾਦਰੀ, ਝੱਜਰ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਨੂਹ, ਫਰੀਦਾਬਾਦ ਤੇ ਪਲਵਲ ਵਿੱਚ ਵੀ ਮੀਂਹ ਦੀ 25 ਫੀਸਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਸਮ ਬਦਲ ਗਿਆ ਹੈ। ਮੌਸਮ ਵਿਭਾਗ ਨੇ ਸ਼ਿਮਲਾ, ਚੰਬਾ, ਕਿਨੌਰ, ਲਾਹੌਲ-ਸਪਿਤੀ ਵਿੱਚ ਹਲਕੀ ਬਾਰਸ਼ ਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਪੂਰੇ ਸੂਬੇ ਵਿੱਚ ਧੁੰਦ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਪੰਜਾਬ ਤੇ ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ 'ਚ ਸੋਮਵਾਰ ਨੂੰ ਬੱਦਲ ਛਾਏ ਰਹੇ। ਇਸ ਕਾਰਨ ਕਈ ਇਲਾਕਿਆਂ ਵਿੱਚ ਧੁੰਦ ਦਾ ਅਸਰ ਘੱਟ ਦੇਖਣ ਨੂੰ ਮਿਲਿਆ। ਇਸ ਨਾਲ ਵੱਧ ਤੋਂ ਵੱਧ ਤਾਪਮਾਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੋਮਵਾਰ ਸ਼ਾਮ ਨੂੰ ਪੰਜਾਬ ਦਾ ਤਾਪਮਾਨ ਆਮ ਨਾਲੋਂ 9.2 ਡਿਗਰੀ ਘੱਟ ਦਰਜ ਕੀਤਾ ਗਿਆ, ਜਦਕਿ ਹਰਿਆਣਾ ਦਾ ਤਾਪਮਾਨ ਆਮ ਨਾਲੋਂ 5.3 ਡਿਗਰੀ ਤੇ ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 2.4 ਡਿਗਰੀ ਘੱਟ ਸੀ।