ਦੇਸ਼ 'ਚ ਮੌਸਮ ਫਿਰ ਤੋਂ ਬਦਲਦਾ ਨਜ਼ਰ ਆ ਰਿਹਾ ਹੈ। ਉੱਤਰੀ ਭਾਰਤ 'ਚ ਸਰਦੀਆਂ ਦੀ ਬਾਰਿਸ਼ ਸ਼ੁਰੂ ਹੋਣ ਵਾਲੀ ਹੈ, ਜਿਸ ਕਾਰਨ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਵੇਦਰ ਦੀ ਰਿਪੋਰਟ ਮੁਤਾਬਕ ਦਿੱਲੀ, ਯੂਪੀ, ਰਾਜਸਥਾਨ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਦੇ ਕਈ ਸਥਾਨਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼
ਸ਼ਾਮ ਹੁੰਦੇ ਪੰਜਾਬ ਦੇ ਮੌਸਮ ਬਦਲਿਆ ਹੋਇਆ ਨਜ਼ਰ ਆਇਆ। ਜਿਸ ਕਰਕੇ ਬਠਿੰਡਾ ‘ਚ ਮੌਸਮ ਨੇ ਕਰਵਟ ਲਈ ਅਤੇ ਮੀਂਹ ਪੈ ਗਿਆ। ਫਿਲਹਾਲ ਮੀਂਹ ਪੈਣ ਤੋਂ ਬਾਅਦ ਮੌਸਮ ਠੰਡਾ ਹੋ ਗਿਆ ਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਹਾਲਾਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਕਾਫੀ ਠੰਢਾ ਹੈ ਤੇ ਕਈ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਕਈ ਥਾਵਾਂ ’ਤੇ ਮੀਂਹ ਪੈ ਵੀ ਗਿਆ ਹੈ।
ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਪਿਆ ਮੀਂਹ
ਦੇਸ਼ ਦੇ ਕਈ ਹਿੱਸਿਆਂ ਵਿੱਚ ਇਨ੍ਹੀਂ ਦਿਨੀਂ ਬਹੁਤ ਠੰਢ ਪੈ ਰਹੀ ਹੈ। ਕੜਾਕੇ ਦੀ ਠੰਡ ਦੇ ਵਿਚਕਾਰ ਸ਼ਨੀਵਾਰ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ, ਜਿਸ ਕਾਰਨ ਠੰਡ ਹੋਰ ਵਧ ਗਈ ਹੈ। ਇਸ ਤੋਂ ਪਹਿਲਾਂ ਸਵੇਰ ਤੋਂ ਹੀ ਦਿੱਲੀ ਸਮੇਤ ਪੂਰੇ ਐਨਸੀਆਰ ਵਿੱਚ ਸੀਤ ਲਹਿਰ ਚੱਲ ਰਹੀ ਹੈ।
ਮੌਸਮ ਵਿਭਾਗ ਨੇ ਪੱਛਮੀ ਹਿਮਾਲਿਆ ਖੇਤਰ ਵਿੱਚ ਸਰਗਰਮ ਪੱਛਮੀ ਗੜਬੜੀ ਕਾਰਨ ਰਾਜਧਾਨੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਦੋ ਦਿਨਾਂ ਲਈ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ ਅਤੇ ਰਾਤ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ। ਮੀਂਹ ਕਾਰਨ ਠੰਢ ਵਧੇਗੀ। ਨਾਲ ਹੀ, ਸੰਘਣੀ ਧੁੰਦ ਵੀ ਹੋਵੇਗੀ।
ਪਹਾੜਾਂ 'ਚ ਬਰਫਬਾਰੀ
ਜੰਮੂ-ਕਸ਼ਮੀਰ ਤੋਂ ਲੈ ਕੇ ਬਿਹਾਰ ਅਤੇ ਝਾਰਖੰਡ ਤੱਕ ਕੜਾਕੇ ਦੀ ਠੰਡ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਸੀਤ ਲਹਿਰ ਦੀ ਸਥਿਤੀ ਬਰਕਰਾਰ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਕਈ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਰਿਹਾ ਹੈ। ਇਹੀ ਸਥਿਤੀ ਦਿੱਲੀ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈ। ਦਿੱਲੀ, ਯੂਪੀ, ਰਾਜਸਥਾਨ, ਬਿਹਾਰ, ਝਾਰਖੰਡ, ਪੰਜਾਬ, ਹਰਿਆਣਾ ਵਿੱਚ ਬਹੁਤ ਠੰਢ ਹੈ।
ਕਸ਼ਮੀਰ ਘਾਟੀ 'ਚ ਸ਼ੁੱਕਰਵਾਰ ਨੂੰ ਕੜਾਕੇ ਦੀ ਠੰਡ ਦੇਖਣ ਨੂੰ ਮਿਲੀ। ਤਾਪਮਾਨ ਦੀ ਗੱਲ ਕਰੀਏ ਤਾਂ ਘੱਟੋ-ਘੱਟ ਤਾਪਮਾਨ ਮਾਇਨਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪਹਾੜੀ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ। ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ -3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।