ਬਰਨਾਲਾ: ਜ਼ਿਲ੍ਹੇ ਵਿੱਚ ਬੀਤੇ ਦਿਨੀਂ ਪਏ ਮੀਂਹ ਤੇ ਤੇਜ਼ ਹਨੇਰੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਸਨ ਜਿਸ ਕਰਕੇ ਹੁਣ ਮੌਸਮ ਸਾਫ਼ ਹੁੰਦਿਆਂ ਹੀ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਤੇਜ਼ ਕਰ ਦਿੱਤੀ ਗਈ ਹੈ। ਉਧਰ ਦਾਣਾ ਮੰਡੀਆਂ ਅਜੇ ਖਾਲੀ ਪਈਆਂ ਹਨ, ਕਿਉਂਕਿ ਸਰਕਾਰਾਂ ਵੱਲੋਂ ਫ਼ਸਲ ਦੀ ਖ਼ਰੀਦ ਇਸ ਵਾਰ ਦਸ ਦਿਨ ਦੇਰੀ ਨਾਲ ਯਾਨੀ 10 ਅਪ੍ਰੈਲ ਤੋਂ ਸ਼ੁਰੂ ਹੋਵੇਗੀ।


ਇਸ ਲਈ ਕਿਸਾਨਾਂ ਨੂੰ ਆਪਣੀ ਵੱਢੀ ਹੋਈ ਫ਼ਸਲ ਮੰਡੀਆਂ ਦੀ ਬਿਜਾਏ ਘਰਾਂ ਵਿੱਚ ਹੀ ਰੱਖਣੀ ਪੈ ਰਹੀ ਹੈ ਜਿਸ ਕਰਕੇ ਕਿਸਾਨਾਂ ਦੀਆਂ ਦਿੱਕਤਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਕੁਲਦੀਪ ਸਿੰਘ, ਦਰਸ਼ਨ ਸਿੰਘ ਤੇ ਸੁੰਦਰ ਸਿੰਘ ਨੇ ਦੱਸਿਆ ਕਿ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ। ਮੌਸਮ ਖ਼ਰਾਬ ਹੋਣ ਦੇ ਡਰ ਤੋਂ ਉਨ੍ਹਾਂ ਨੇ ਹੁਣ ਕਣਕ ਦੀ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਉਹਨਾਂ ਇਸ ਵਾਰ ਆਪਣੀ ਫ਼ਸਲ ਮੰਡੀਆਂ ਦੀ ਬਿਜਾਏ ਘਰਾਂ ਵਿੱਚ ਹੀ ਸਟੋਰ ਕਰਨੀ ਪੈ ਰਹੀ ਹੈ।


ਦਰਅਸਲ ਅਜੇ ਦਾਣਾ ਮੰਡੀਆਂ ਵਿੱਚ ਖ਼ਰੀਦ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਹਨ ਜਿਸ ਕਰਕੇ ਕਿਸਾਨਾਂ ਦੀ ਇਸ ਵਾਰ ਖੱਜਲ ਖੁਆਰੀ ਵੱਧ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰਾਂ ਕਰਨ ਨਾਲ ਕਿਸਾਨਾਂ ਦੇ ਖ਼ਰਚੇ ਵੀ ਵਧ ਰਹੇ ਹਨ।


ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਪੰਜਾਬ ਦੇ ਕਿਸਾਨ ਅੱਗੇ ਹੋ ਕੇ ਵਿਰੋਧ ਕਰ ਰਹੇ ਹਨ ਜਿਸ ਕਰਕੇ ਵਾਰ ਵਾਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਸਮੇਤ ਖ਼ਰੀਦ ਨੂੰ ਲੈ ਕੇ ਵੱਖ ਵੱਖ ਸਮੱਸਿਆਵਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਕਰਕੇ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਹੋਰ ਵਧ ਰਿਹਾ ਹੈ।


ਦਰਅਸਲ ਮੌਸਮ ਦੇ ਬਦਲੇ ਮਿਜਾਜ਼ ਦੇਖ ਕਿਸਾਨਾਂ ਦੇ ਮੱਥੇ ਚਿੰਤਾਂ ਦੀਆਂ ਲਕੀਰਾਂ ਗਹਿਰੀਆਂ ਹੋ ਜਾਂਦੀਆਂ ਹਨ ਕਿ ਕਿਤੇ ਔਲਾਦ ਵਾਂਗ ਦਿਨ ਰਾਤ ਧੁੱਪਾਂ ਛਾਵਾਂ ਸਹਿ ਕੇ ਪਾਲੀ ਫਸਲ ਦਾ ਨੁਕਸਾਨਨਾ ਹੋ ਜਾਵੇ। ਪਰ ਕੁਦਰਤ ਅੱਗੇ ਬੇਵੱਸ ਕਿਸਾਨਾਂ ਦਾ ਸਰਕਾਰ ਅੱਗੇ ਵੀ ਕੋਈ ਵੱਸ ਨਹੀਂ ਚੱਲਦਾ