ਫਿਰੋਜ਼ਪੁਰ: ਮਨੁੱਖ ਨੂੰ ਉਸਦੇ ਆਰਥਿਕ ਹਾਲਾਤ ਫਰਸ਼ ਤੋਂ ਅਰਸ਼ ਤੇ ਅਰਸ਼ ਤੋਂ ਫਰਸ਼ ਤੇ ਪਹੁੰਚਾ ਦਿੰਦੇ ਹਨ।ਕੁੱਝ ਐਸੀ ਹੀ ਕਹਾਣੀ ਹੈ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਕਲਾਕਾਰ ਰਾਜ ਬਜਾਜ ਦੀ ਜੋ ਦਰਜਨਾਂ ਫ਼ਿਲਮਾਂ ਵਿੱਚ ਆਪਣਾ ਨਾਮ ਖੱਟਣ ਮਗਰੋਂ ਅੱਜ ਫਿਰੋਜ਼ਪੁਰ ਦੀਆਂ ਗਲੀਆਂ ਵਿੱਚ ਚੂਰਨ ਦੀਆਂ ਗੋਲੀਆਂ ਵੇਚਣ ਲਈ ਮਜਬੂਰ ਹੈ।ਰਾਜ ਬਜਾਜ ਧਰਮਿੰਦਰ, ਪ੍ਰੀਤੀ ਸਪਰੂ, ਗੁੱਗੂ ਗਿੱਲ ਅਤੇ ਯੋਗਰਾਜ ਵਰਗੇ ਹੰਢੇ ਕਲਾਕਾਰਾਂ ਦੀਆਂ ਫ਼ਿਲਮਾਂ 'ਚ ਕੰਮ ਕਰਕੇ ਆਪਣਾ ਅਤੇ ਆਪਣੀ ਕਲਾ ਦਾ ਲੋਹਾ ਮਨਵਾ ਚੁੱਕਾ ਹੈ। 


ਪੰਜਾਬੀ ਫਿਲਮਾਂ ਦੇ ਕਲਾਕਾਰ ਰਾਜ ਬਜਾਜ ਦਾ ਕਹਿਣਾ ਹੈ ਕਿ ਉਸ ਨੇ ਨਾਮਵਾਰ ਪ੍ਰਸਿੱਧ ਪੰਜਾਬੀ ਫ਼ਿਲਮਾਂ ਦੇ ਐਕਟਰਾਂ ਨਾਲ ਕੰਮ ਕੀਤਾ ਹੈ। ਉਸ ਨੇ ਪੰਜਾਬੀ ਫ਼ਿਲਮਾਂ ਵਿੱਚ ਆਪਣਾ ਕਿਰਦਾਰ ਨਿਭਾਉਂਦਿਆਂ ਅਹਿਮ ਰੋਲ ਕੀਤੇ ਹਨ ਅਤੇ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ।ਉਸ ਦਾ ਕਹਿਣਾ ਹੈ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਆਰਥਿਕ ਤੰਗੀ ਉਸ ਨੂੰ ਇੱਥੇ ਲਿਆ ਕੇ ਖੜ੍ਹਾ ਕਰ ਦੇਵੇਗੀ।




ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਮੌਤ ਤੋਂ ਬਾਅਦ ਉਹ ਆਰਥਿਕ ਤੌਰ ਤੇ ਝੰਬਿਆ ਗਿਆ। ਜ਼ਿੰਦਗੀ ਤੋਂ ਹਾਰ ਮੰਨਣ ਦੀ ਬਜਾਏ ਉਸ ਨੇ ਆਪਣੀ ਜ਼ਿੰਦਗੀ ਜਿਉਣ ਲਈ ਮਜ਼ਦੂਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ।ਰਾਜ ਬਜਾਜ ਜਿਸ ਦੀ ਕਦੇ ਪੰਜਾਬੀ ਫ਼ਿਲਮਾਂ 'ਚ ਤੂਤੀ ਬੋਲਦੀ ਸੀ ਅੱਜ ਫਿਰੋਜ਼ਪੁਰ ਸ਼ਹਿਰ ਦੀਆਂ ਬੱਸਾਂ ਅਤੇ ਗਲੀਆਂ ਵਿਚ ਬੱਚਿਆਂ ਲਈ ਚੂਰਨ ਦੀਆਂ ਗੋਲੀਆਂ ਅਤੇ ਹੋਰ ਸਾਮਾਨ ਵੇਚਣ ਲਈ ਮਜਬੂਰ ਹੈ।



ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇੰਨਾਂ ਵੱਡਾ ਕਲਾਕਾਰ ਹੋਣ ਦੇ ਬਾਵਜੂਦ ਉਹ ਅੱਜ ਮਜਦੂਰੀ ਕਰਨ ਲਈ ਮਜਬੂਰ ਹੈ ਤਾਂ ਉਸ ਨੇ ਕਿਹਾ ਕਿ ਆਰਥਿਕ ਹਾਲਾਤਾਂ ਨੇ ਇੱਥੇ ਲਿਆ ਕੇ ਉਸ ਨੂੰ ਖੜ੍ਹਾ ਕਰ ਦਿੱਤਾ ਹੈ। ਅੱਜ ਰਾਜ ਬਜਾਜ ਆਰਥਿਕ ਤੌਰ ਤੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਫ਼ਿਲਮੀ ਜਗਤ ਦੇ ਉਨ੍ਹਾਂ ਵੱਡੇ ਅਤੇ ਪ੍ਰਸਿੱਧ ਕਲਾਕਾਰਾਂ ਜਿਨ੍ਹਾਂ ਨਾਲ ਰਾਜ ਬਜਾਜ ਨੇ ਕੰਮ ਕੀਤਾ ਕਦੇ ਆ ਕੇ ਸਾਰ ਤੱਕ ਨਹੀਂ ਲਈ।ਕਲਾ ਦੇ  ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਜ਼ਰੂਰ ਸੰਭਾਲਣਾ ਚਾਹੀਦਾ ਹੈ ਇਹ ਇੱਕ ਫ਼ਿਲਮੀ ਜਗਤ ਲਈ ਵੱਡੀ ਜ਼ਿੰਮੇਵਾਰੀ ਹੈ।