ਬਠਿੰਡਾ: ਖੇਤੀ ਕਾਨੂੰਨਾਂ ਖ਼ਿਲਾਫ ਦਿੱਲੀ ਦੀਆਂ ਵੱਖ-ਵੱਖ ਹੱਦਾਂ 'ਤੇ ਡਟੇ ਕਿਸਾਨਾਂ ਦੇ ਸਮਰਥਨ ਵਿੱਚ ਪੰਜਾਬੀ ਗਾਇਕਾਂ ਅਤੇ ਸੋਸ਼ਲ ਮੀਡੀਆ ਕਲਾਕਾਰਾਂ ਤੇ ਕਾਰਕੁੰਨਾਂ ਨੇ ਸਰਕਾਰ ਵਿਰੁੱਧ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਕਲਾਕਾਰਾਂ ਨੇ 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ਵਿੱਚ ਵਾਪਰੀ ਘਟਨਾ ਸਬੰਧੀ ਹੋਈਆਂ ਗ੍ਰਿਫ਼ਤਾਰ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ, ਜਿਸ ਵਿੱਚ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਵੀ ਸ਼ਾਮਲ ਹਨ।
ਨੌਜਵਾਨ ਸੰਘਰਸ਼ ਸਹਿਯੋਗ ਜਥਾ, ਪੰਜਾਬ ਵੱਲੋਂ ਜਾਰੀ ਸੂਚਨਾ ਮੁਤਾਬਕ ਕੰਵਰ ਗਰੇਵਾਲ, ਰੁਪਿੰਦਰ ਹਾਂਡਾ, ਨਵਦੀਪ ਹਰਿਆਣਾ ਅਤੇ ਜਗਦੀਪ ਰੰਧਾਵਾ ਜਿਹੇ 11 ਕਲਾਕਾਰਾਂ ਤੇ ਕਾਰਕੁੰਨਾਂ ਨੇ ਉਚੇਚੇ ਤੌਰ 'ਤੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਸਮੇਤ ਦਿਸ਼ਾ ਰਵੀ, ਨੌਦੀਪ ਕੌਰ, ਰਣਜੀਤ ਸਿੰਘ ਤੇ ਇਕਬਾਲ ਸਿੰਘ ਸਮੇਤ 200 ਜਣਿਆਂ ਖ਼ਿਲਾਫ ਕੇਸਾਂ ਨੂੰ ਝੂਠੇ ਕਰਾਰ ਦਿੰਦਿਆਂ ਸਭਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਜਥੇ ਦੇ ਐਲਾਨਨਾਮੇ ਮੁਤਾਬਕ ਉਕਤ ਕਲਾਕਾਰ 23 ਫਰਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿੱਚ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਜਿੱਥੇ ਕਿਸਾਨ ਜਥੇਬੰਦੀਆਂ ਪਹਿਲੇ ਦਿਨ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ, ਉੱਥੇ ਹੀ ਪੰਜਾਬ-ਹਰਿਆਣਾ ਦੇ ਕਲਾਕਾਰ ਅਤੇ ਸੋਸ਼ਲ ਮੀਡੀਆ ਕਾਰਕੁੰਨਾਂ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਇਸੇ ਲੜੀ ਤਹਿਤ ਹੀ ਅੱਜ (ਮੰਗਲਵਾਰ) ਦੀ ਰੈਲੀ ਦਾ ਐਲਾਨ ਕੀਤਾ ਗਿਆ ਹੈ। ਰੈਲੀ ਦਾ ਪੋਸਟਰ ਹੇਠਾਂ ਦੇਖ ਸਕਦੇ ਹੋ।