Punjabi Businessman buys flat worth 100-crore: ਪੰਜਾਬੀਆਂ ਦਾ ਡੰਕਾ ਦੁਨੀਆ ਭਰ ਵਿੱਚ ਵੱਜਦਾ ਹੈ। ਸਖਤ ਮਿਹਨਤ ਨਾਲ ਉਹ ਹਰ ਖੇਤਰ ਵਿੱਚ ਵੱਡੀਆਂ ਬੁਲੰਦੀਆਂ ਛੂਹ ਲੈਂਦੇ ਹਨ। ਹੁਣ ਇੱਕ ਪੰਜਾਬੀ ਕਾਰੋਬਾਰੀ ਦਿੱਲੀ ਨੇੜੇ 100 ਕਰੋੜ ਦਾ ਫਲੈਟ ਖਰੀਦ ਕੇ ਚਰਚਾ ਵਿੱਚ ਹੈ। ਇਹ ਸੌ ਕਰੋੜੀ ਫਲੈਟ ਕਿਸੇ ਮਹਿਲ ਤੋਂ ਘੱਟ ਨਹੀਂ। ਇਹ ਫਲੈਟ ਪੰਜ ਸਿਤਾਰਾ ਹੋਟਲ ਵਰਗੀਆਂ ਸਾਰੀਆਂ ਸਹੂਲਤਾਂ ਨਾਲ ਲੈਸ ਹੈ।
ਦਰਅਸਲ ਲੰਡਨ ਸਥਿਤ ਕਾਰੋਬਾਰੀ ਸੁਖਪਾਲ ਸਿੰਘ ਆਹਲੂਵਾਲੀਆ ਨੇ ਹਰਿਆਣਾ ਦੇ ਗੁਰੂਗ੍ਰਾਮ ਦੇ ਸਭ ਤੋਂ ਪੌਸ਼ ਏਰੀਆ ਗੋਲਫ ਕੋਰਸ ਵਿੱਚ ਬਣੀ ਰਿਹਾਇਸ਼ੀ ਸੁਸਾਇਟੀ 'ਦ ਕੈਮੇਲੀਆਸ' ਵਿੱਚ ਇੱਕ ਫਲੈਟ ਖਰੀਦਿਆ ਹੈ। ਇਹ ਫਲੈਟ 11,416 ਵਰਗ ਫੁੱਟ ਦਾ ਹੈ। ਇਸ ਨੂੰ ਹਰਿਆਣਾ ਦੇ ਸਭ ਤੋਂ ਮਹਿੰਗੇ ਰੀਅਲ ਅਸਟੇਟ ਸੌਦਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਭਾਰਤੀ ਮੂਲ ਦੇ ਸੁਖਪਾਲ ਸਿੰਘ ਆਹਲੂਵਾਲੀਆ ਡੋਮਿਨਸ ਗਰੁੱਪ ਦੇ ਮਾਲਕ ਹਨ, ਜੋ ਯੂਕੇ ਵਿੱਚ ਰੀਅਲ ਅਸਟੇਟ ਤੇ ਪ੍ਰਾਹੁਣਚਾਰੀ ਖੇਤਰ ਵਿੱਚ ਇੱਕ ਵੱਡਾ ਨਾਮ ਹੈ।
ਇਨਫੋ-ਐਕਸ ਸਾਫਟਵੇਅਰ ਟੈਕਨਾਲੋਜੀ ਦੇ ਸੰਸਥਾਪਕ ਰਿਸ਼ੀ ਪਾਰਟੀ ਦਾ ਵੀ ਇਸੇ ਸੁਸਾਇਟੀ ਵਿੱਚ ਇੱਕ ਫਲੈਟ ਹੈ। ਉਨ੍ਹਾਂ ਨੇ 190 ਕਰੋੜ ਰੁਪਏ ਵਿੱਚ ਫਲੈਟ ਖਰੀਦਿਆ। ਇਸ ਦੇ ਨਾਲ BoAt ਦੇ ਸਹਿ-ਸੰਸਥਾਪਕ ਅਮਨ ਗੁਪਤਾ, ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਦੇ ਮਾਲਕ ਜੇਸੀ ਚੌਧਰੀ ਨੇ ਵੀ ਇੱਥੇ ਫਲੈਟ ਖਰੀਦੇ ਹਨ।
ਸੁਖਪਾਲ ਸਿੰਘ ਆਹਲੂਵਾਲੀਆ ਕੌਣ?
ਦੋਵੇਂ ਪੁੱਤਰਾਂ ਦਾ ਦਿੱਲੀ ਵਿੱਚ ਵਿਆਹ: ਸੁਖਪਾਲ ਸਿੰਘ ਆਹਲੂਵਾਲੀਆ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਵਿਸ਼ਵਵਿਆਪੀ ਸਫਲਤਾ ਦੇ ਬਾਵਜੂਦ ਉਨ੍ਹਾਂ ਦਾ ਦਿਲ ਭਾਰਤ ਦੀ ਧਰਤੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਦੋਵੇਂ ਪੁੱਤਰ ਦਿੱਲੀ ਦੀਆਂ ਧੀਆਂ ਨਾਲ ਵਿਆਹੇ ਹੋਏ ਹਨ। ਹੁਣ ਉਹ ਭਾਰਤ ਵਿੱਚ ਵਧੇਰੇ ਸਮਾਂ ਬਿਤਾਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਮਾਜ ਨੂੰ ਕੁਝ ਦੇਣ 'ਤੇ ਧਿਆਨ ਕੇਂਦਰਿਤ ਕਰਨਗੇ। ਉਨ੍ਹਾਂ ਨੂੰ ਹਮੇਸ਼ਾ ਪਤਾ ਸੀ ਕਿ ਇੱਕ ਦਿਨ ਜ਼ਰੂਰ ਵਾਪਸ ਆਵੇਗਾ, ਹੁਣ ਸਮਾਂ ਆ ਗਿਆ ਹੈ।
ਦਿੱਲੀ ਵਿੱਚ ਵੀ ਆਲੀਸ਼ਾਨ ਮਹਿਲ: ਸੁਖਪਾਲ ਸਿੰਘ ਕੋਲ ਦਿੱਲੀ ਦੇ ਵੱਕਾਰੀ ਲੁਟੀਅਨਜ਼ ਜ਼ੋਨ ਵਿੱਚ ਇੱਕ ਆਲੀਸ਼ਾਨ ਮਹਿਲ ਵੀ ਹੈ ਪਰ ਉਨ੍ਹਾਂ ਨੇ ਰਹਿਣ ਲਈ ਗੁਰੂਗ੍ਰਾਮ ਦੇ ਡੀਐਲਐਫ ਫੇਜ਼-5 ਵਿੱਚ ਸਥਿਤ ਅਤਿ-ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ 'ਦ ਕੈਮੇਲੀਆਸ' ਨੂੰ ਚੁਣਿਆ ਹੈ।
ਕੀਮਤ 80 ਕਰੋੜ ਤੋਂ ਸ਼ੁਰੂ: ਇਸ ਸੁਸਾਇਟੀ ਵਿੱਚ ਫਲੈਟਾਂ ਦੀਆਂ ਕੀਮਤਾਂ 80 ਕਰੋੜ ਰੁਪਏ ਤੋਂ ਸ਼ੁਰੂ ਹੁੰਦੀਆਂ ਹਨ। ਇਸ 11,416 ਵਰਗ ਫੁੱਟ ਦੇ ਫਲੈਟ ਦੀ ਕੀਮਤ ਲਗਪਗ ₹87,500 ਪ੍ਰਤੀ ਵਰਗ ਫੁੱਟ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।