ਗੁਰਦਾਸਪੁਰ: ਸ਼ਹਿਰ ਦੇ ਸੰਤ ਨਗਰ ਦੇ ਰਹਿਣ ਵਾਲਾ ਮਨਜਿੰਦਰ ਸਿੰਘ ਉਰਫ਼ ਕਮਲ ਨਾਂਅ ਦਾ ਨੌਜਵਾਨ ਸਾਊਦੀ ਦੀ ਜੇਲ੍ਹ ਵਿੱਚ ਫਸੇ ਹੋਣ ਤੋਂ ਬਾਅਦ ਅੱਜ ਸਹੀ ਸਲਾਮਤ ਆਪਣੇ ਘਰ ਪਰਤ ਆਇਆ ਹੈ। ਕਮਲ ਦੇ ਸਹੀ ਸਲਾਮਤ ਵਾਪਸ ਪਰਤਣ 'ਤੇ ਉਸ ਦੇ ਘਰ ਵਿੱਚ ਵਿਆਹ ਵਾਲਾ ਮਾਹੌਲ ਹੈ।


ਕਮਲ ਮਨਜਿੰਦਰ ਸਿੰਘ ਗੁਰਦਾਸਪੁਰ ਦੇ ਹੀ ਏਜੰਟ ਜ਼ਰੀਏ ਸਊਦੀ ਅਰਬ ਦੀ ਕੰਪਨੀ ਵਿੱਚ ਨੌਕਰੀ ਕਰਨ ਗਿਆ ਸੀ। ਉੱਥੇ ਉਸ ਨੂੰ ਕੰਮ ਤਾਂ ਮਿਲ ਗਿਆ ਸੀ ਪਰ ਕੰਪਨੀ ਨੇ ਕੋਈ ਪੈਸਾ ਨਹੀਂ ਦਿੱਤਾ, ਜਦੋਂ ਉਸ ਨੇ ਆਪਣਾ ਮਿਹਨਤਾਨਾ ਮੰਗਿਆ ਤਾਂ ਕੰਪਨੀ ਨੇ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਕਿਸੇ ਕੇਸ ਵਿੱਚ ਫਸਾ ਕੇ ਜੇਲ੍ਹ ਡੱਕ ਦਿੱਤਾ ਸੀ।



ਕਮਲ ਨੇ ਜੇਲ੍ਹ ਵਿੱਚੋਂ ਹੀ ਆਪਣੇ ਪਰਿਵਾਰ ਤੇ ਭਾਰਤ ਸਰਕਾਰ ਨੂੰ ਵੀਡੀਓ ਭੇਜ ਕੇ ਆਪਣੇ ਹਾਲਾਤ ਬਾਰੇ ਜਾਣੂ ਕਰਾਇਆ ਸੀ। ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਛੇਤੀ ਤੋਂ ਛੇਤੀ ਸਊਦੀ ਦੀ ਸਫਰ ਜੇਲ੍ਹ ਚੋਂ ਆਜ਼ਾਦ ਕਰਵਾ ਕੇ ਵਤਨ ਵਾਪਸ ਲਿਆਂਦਾ ਜਾਵੇ।

ਹੁਣ ਮਨਜਿੰਦਰ ਦੇ ਘਰ ਪਰਤਣ 'ਤੇ ਉਸ ਦੇ ਪਿਤਾ ਤੇ ਪਤਨੀ ਸਮੇਤ ਸਾਰਾ ਪਰਿਵਾਰ ਖੁਸ਼ ਹੈ। ਦੋ ਬੱਚਿਆਂ ਦੇ ਪਿਤਾ ਕਮਲ ਨੇ ਦੱਸਿਆ ਕਿ ਉਹ ਦੋ ਲੱਖ ਰੁਪਏ ਦੇ ਕੇ ਇੱਕ ਸਾਲ ਪਹਿਲਾਂ ਸਊਦੀ ਅਰਬ ਗਿਆ ਸੀ ਪਰ ਉਸ ਨੂੰ ਉੱਥੇ ਕੋਈ ਕਮਾਈ ਤਾਂ ਕੀ ਹੋਣੀ ਸੀ ਉਲਟਾ ਜੇਲ੍ਹ ਦੀ ਰੋਟੀ ਖਾਣੀ ਪਈ। ਉਸ ਨੇ ਵੀਡੀਓ ਵਿੱਚ ਦੱਸਿਆ ਸੀ ਕਿ ਉਸੇ ਹੀ ਜੇਲ੍ਹ ਵਿੱਚ ਕੁਝ ਹੋਰ ਪੰਜਾਬੀ ਨੌਜਵਾਨਾਂ ਤੋਂ ਇਲਾਵਾ ਕੁਝ ਉੱਤਰ ਪ੍ਰਦੇਸ਼ ਦੇ ਨੌਜਵਾਨ ਵੀ ਫਸੇ ਹੋਏ ਹਨ। ਮਨਜਿੰਦਰ ਦੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਸ਼ੁਕਰਾਨਾ ਵੀ ਕੀਤਾ।