ਚੰਡੀਗੜ੍ਹ: ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਖ਼ਿਲਾਫ਼ ਬਲਾਤਕਾਰ ਦਾ ਇਲਜ਼ਾਮ ਲਾਉਣ ਵਾਲੀ ਨਨ ਬਾਰੇ ਕੇਰਲ ਦੇ ਇੱਕ ਆਜ਼ਾਦ ਵਿਧਾਇਕ ਨੇ ਵਿਵਾਦਤ ਬਿਆਨ ਦਿੱਤਾ ਹੈ। ਵਿਧਾਇਕ ਪੀਸੀ ਜੌਰਜ ਨੇ ਕਿਹਾ ਕਿ ਇਲਜ਼ਾਮ ਲਾਉਣ ਵਾਲੀ ਨਨ ਇੱਕ ਵੇਸਵਾ ਹੈ। 12 ਵਾਰ ਉਸਨੇ ਮਜ਼ੇ ਲਏ ਤੇ 13ਵੀਂ ਵਾਰ ਇਹ ਬਲਾਤਕਾਰ ਹੋ ਗਿਆ। ਜਦੋਂ ਉਸ ਨਾਲ ਪਹਿਲੀ ਵਾਰ ਬਲਾਤਕਾਰ ਹੋਇਆ ਤਾਂ ਉਸਨੇ ਸ਼ਿਕਾਇਤ ਕਿਉਂ ਨਹੀਂ ਕੀਤੀ।

ਵਿਧਾਇਕ ਦੇ ਸ਼ਰਮਨਾਕ ਬਿਆਨ ’ਤੇ ਕੌਮੀ ਮਹਿਲਾ ਕਮਿਸ਼ਨ ਨੇ ਕਾਰਵਾਈ ਦੀ ਗੱਲ ਕਹੀ ਹੈ। ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਵਿਧਾਇਕ ਮਹਿਲਾ ਦੀ ਮਦਦ ਕਰਨ ਦੀ ਬਜਾਏ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਕਮਿਸ਼ਨ ਨੇ ਨਨ ਦੇ ਬਲਾਤਕਾਰ ਦੇ ਮਾਮਲੇ ਨੂੰ ਪਹਿਲਾਂ ਹੀ ਗੰਭੀਰਤਾ ਨਾਲ ਲਿਆ ਹੈ ਤੇ ਮਾਮਲੇ ਵਿੱਚ ਡੀਜੀਪੀ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਨਨ ਦੇ ਬਲਾਤਕਾਰ ਦੇ ਮਾਮਲੇ ਵਿੱਚ ਦੇਰੀ ਹੋਣ ਕਰਕੇ ਸੂਬੇ ਭਰ ਦੀਆਂ ਨਨ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਹਨ। ਅੱਜ ਕੈਥੋਲਿਕ ਨਨਾਂ ਦੇ ਇੱਕ ਸਮੂਹ ਨੇ ਅਪਰਾਧ ਸ਼ਾਖਾ ਦੀ ਜਾਂਚ ਦਾ ਵਿਰੋਧ ਕੀਤਾ। ਸਮੂਹ ਦੀ ਇੱਕ ਮੈਂਬਰ ਨੇ ਕਿਹਾ ਕਿ ਅਪਰਾਧ ਸ਼ਾਖਾ ਦੀ ਜਾਂਚ ਸਬੰਧੀ ਇੱਕ ਯੋਜਨਾ ਬਣਾਈ ਜਾ ਰਹੀ ਹੈ। ਇਹ ਸਿਰਫ ਕਾਨੂੰਨੀ ਕਾਰਵਾਈ ਵਿੱਚ ਦੇਰੀ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਮੌਜੂਦਾ ਪੁਲਿਸ ਜਾਂਚ ਤੋਂ ਖ਼ੁਸ਼ ਹਨ ਪਰ ਉੱਚ ਅਧਿਕਾਰੀ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਨਿਆਂ ਮਿਲੇ।

ਕੇਰਲ ਦੀ ਰਹਿਣ ਵਾਲੀ ਇੱਕ ਨਨ ਨੇ ਕੇਰਲ ਦੇ ਵਾਇਕੌਮ ਥਾਣੇ 'ਚ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਬਿਸ਼ਪ ਨੇ 2014 ਤੋਂ 2016 ਦੌਰਾਨ ਉਸ ਨਾਲ ਕਈ ਵਾਰ ਰੇਪ ਕੀਤਾ। ਉੱਧਰ ਬਿਸ਼ਪ ਨੇ ਨਨ ਦੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਨ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਕਾਰਨ ਫਸਾਇਆ ਜਾ ਰਿਹਾ ਹੈ। ਮੁਲੱਕਲ ਮੁਤਾਬਕ ਇਹ ਸਮੱਸਿਆ 2016 ਵਿੱਚ ਸ਼ੁਰੂ ਹੋਈ ਜਦੋਂ ਉਨ੍ਹਾਂ ਨਨ ਖ਼ਿਲਾਫ਼ ਆਈ ਸ਼ਿਕਾਇਤ ’ਤੇ ਕਾਰਵਾਈ ਕੀਤੀ ਸੀ।