ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾ ਕੌਮੀ ਕਾਰਜਕਾਰਨੀ ਦੀ ਬੈਠਕ ਦਿੱਲੀ ਵਿੱਚ ਜਾਰੀ ਹੈ। ਬੈਠਕ ਦੇ ਪਹਿਲੇ ਦਿਨ ਪਾਰਟੀ ਨੇ ਪ੍ਰਧਾਨਗੀ ਬਾਬਤ ਵੱਡਾ ਫੈਸਲਾ ਲਿਆ ਹੈ। ਬੀਜੇਪੀ ਨੇ ਆਉਂਦੀਆਂ ਲੋਕ ਸਭਾ ਚੋਣਾਂ ਪਾਰਟੀ ਦੇ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੀ ਲੜਨ ਦਾ ਫੈਸਲਾ ਕੀਤਾ ਹੈ।
ਭਾਜਪਾ ਨੇ ਸੰਗਠਨ ਚੋਣਾਂ ਇੱਕ ਸਾਲ ਲਈ ਟਾਲ਼ ਦਿੱਤੀਆਂ ਹਨ। ਇਸ ਦਾ ਮਤਲਬ ਹੈ ਕਿ ਅਮਿਤ ਸ਼ਾਹ ਜਨਵਰੀ 2019 ਤੋਂ ਬਾਅਦ ਵੀ ਬੀਜੇਪੀ ਪ੍ਰਧਾਨ ਵਜੋਂ ਬਣੇ ਰਹਿਣਗੇ। ਉਂਝ ਸ਼ਾਹ ਦਾ ਤਿੰਨ ਸਾਲ ਕਾਰਜਕਾਲ ਜਨਵਰੀ 2019 ਵਿੱਚ ਪੂਰਾ ਹੋਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਇਲਾਵਾ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇ ਤੇਲੰਗਾਨਾ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਸੂਬਿਆਂ ਵਿੱਚ ਵੀ ਪਾਰਟੀ ਆਪਣਾ ਪ੍ਰਦਰਸ਼ਨ ਸੁਧਾਰਨ ਲਈ ਪੂਰਾ ਜ਼ੋਰ ਲਾਏਗੀ। ਬਤੌਰ ਪ੍ਰਧਾਨ ਅਮਿਤ ਸ਼ਾਹ ਦਾ ਰਿਪੋਰਟ ਕਾਰਡ ਕਾਫੀ ਮਜ਼ਬੂਤ ਹੈ ਅਤੇ ਇਸੇ ਨੂੰ ਦੇਖਦਿਆਂ ਪਾਰਟੀ ਨੇ ਉਨ੍ਹਾਂ ਦੇ ਕਾਰਜਕਾਲ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।