ਮੁੰਬਈ: ਮੁੰਬਈ ਵਿੱਚ ਨਿੱਜੀ ਬੈਂਕ ਦੇ ਉਪ ਮੁਖੀ ਸਿਧਾਰਥ ਸਾਂਘਵੀ ਦੇ ਅਚਾਨਕ ਲਾਪਤਾ ਹੋ ਜਾਣ ਨਾਲ ਸਨਸਨੀ ਫੈਲ ਗਈ। ਬੁੱਧਵਾਰ ਰਾਤ ਮੁੰਬਈ ਦੇ ਲੋਅਰ ਪਰੇਲ ਇਲਾਕੇ ਦੇ ਆਪਣੇ ਦਫ਼ਤਰ ਤੋਂ ਨਿਕਲੇ ਸਿਧਾਰਥ ਅਚਾਨਕ ਗਾਇਬ ਹੋ ਗਏ, ਉਸ ਤੋਂ ਬਾਅਦ ਉਨ੍ਹਾਂ ਦਾ ਕਿਸੇ ਨਾਲ ਸੰਪਰਕ ਨਹੀਂ ਹੋਇਆ। ਪਰਿਵਾਰ ਨੇ ਪੁਲਿਸ ਥਾਣੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਜਾਂਚ ਬਾਅਦ ਸ਼ੁੱਕਰਵਾਰ ਸਵੇਰੇ ਸਿਧਾਰਥ ਦੀ ਗੱਡੀ ਨਵੀਂ ਮੁੰਬਈ ਦੇ ਕੋਪਰਖੈਰਣੇ ਵਿੱਚ ਮਿਲੀ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਦੇ ਕੋਪਰਖੈਰਣੇ ਵਿੱਚ ਬਹੁਮੰਜ਼ਿਲਾ ਇਮਾਰਤ ਦੇ ਨਜ਼ਦੀਕ ਸਾਂਘਵੀ ਦੀ ਕਾਰ ਲਾਵਾਰਸ ਹਾਲਤ ਵਿੱਚ ਮਿਲੀ। ਇਸੇ ਕਾਰ ਵਿੱਚ ਉਹ ਆਪਣੇ ਦਫ਼ਤਰ ਜਾਂਦੇ ਸਨ। ਕਾਰ ਦੀ ਪਿਛਲੀ ਸੀਟ ’ਤੇ ਚਾਕੂ ਤੇ ਖ਼ੂਨ ਦੇ ਨਿਸ਼ਾਨ ਮਿਲੇ ਹਨ।

ਫਿਲਹਾਲ ਕੋਈ ਫਿਰੌਤੀ ਦਾ ਫ਼ੋਨ ਨਹੀਂ ਆਇਆ। ਪੁਲਿਸ ਨੂੰ ਜਿੱਥੋਂ ਗੱਡੀ ਮਿਲੀ, ਉੱਥੋਂ ਦੇ ਸੀਸੀਟੀਵੀ ਫੁਟੇਜ ਤੋਂ ਕੁਝ ਸੁਰਾਗ ਮਿਲੇ ਹਨ। ਫੁਟੇਜ ਵਿੱਚ ਦੋ ਸ਼ਖ਼ਸ ਨਜ਼ਰ ਆ ਰਹੇ ਹਨ। ਇਸ ਮਾਮਲੇ ਦੀ ਗਹਿਰਾਈ ਤਕ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਅਗਵਾ ਦਾ ਵੀ ਸ਼ੱਕ ਹੈ ਪਰ ਫਿਰੌਤੀ ਦੀ ਮੰਗ ਨਾ ਹੋਣ ਕਰਕੇ ਪੁਲਿਸ ਇਸ ਮਾਮਲੇ ਨੂੰ ਕਿਸੇ ਹੋਰ ਨਜ਼ਰੀਏ ਨਾਲ ਵੀ ਵੇਖ ਰਹੀ ਹੈ।