ਜਲੰਧਰ: ਰੋਮਨ ਕੈਥੋਲਿਕ ਚਰਚ ਦੇ ਜਲੰਧਰ ਡਾਇਓਸਿਸ ਦੇ ਬਿਸ਼ਪ ਫ੍ਰੈਂਕੋ ਮੁਲੱਕਲ ਖਿਲਾਫ ਅੱਜ ਕੇਰਲਾ ਦੇ ਸ਼ਹਿਰ ਕੋਚੀ ਵਿੱਚ ਨਨਜ਼ ਨੇ ਪ੍ਰਦਰਸ਼ਨ ਕੀਤਾ। ਬਿਸ਼ਪ ਫ੍ਰੈਂਕੋ ਮੁਲੱਕਲ 'ਤੇ ਇੱਕ ਨਨ ਨੇ ਰੇਪ ਦੇ ਇਲਜ਼ਾਮ ਲਗਾਏ ਸਨ ਜਿਸ 'ਤੇ ਕੇਰਲ ਪੁਲਿਸ ਦੀ ਐਸਆਈਟੀ ਜਾਂਚ ਕਰ ਰਹੀ ਹੈ। ਪ੍ਰਦਰਸ਼ਨ ਕਰ ਰਹੀਆਂ ਨਨਜ਼ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ 'ਤੇ ਜਲਦੀ ਕਾਰਵਾਈ ਨਹੀਂ ਕਰ ਰਹੀ ਅਤੇ ਹੁਣ ਤਕ ਬਿਸ਼ਪ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਬਿਸ਼ਪ ਨਾਲ ਪੁੱਛਗਿਛ ਲਈ ਕੇਰਲ ਪੁਲਿਸ ਦੀ ਐਸਆਈਟੀ ਪਿਛਲੇ ਦਿਨੀਂ ਜਲੰਧਰ ਆਈ ਸੀ ਅਤੇ ਚਾਰ ਦਿਨ ਇਸ ਮਾਮਲੇ ਵਿੱਚ ਵੱਖ-ਵੱਖ ਚਰਚਾਂ ਵਿੱਚ ਜਾ ਕੇ ਚਰਚ ਨਾਲ ਜੁੜੇ ਲੋਕਾਂ ਨਾਲ ਪੁੱਛਗਿਛ ਕੀਤੀ ਸੀ। ਕੇਰਲਾ ਦੀ ਐਸਆਈਟੀ ਨੇ ਰਾਤ ਨੂੰ 9 ਘੰਟੇ ਬਿਸ਼ਪ ਨਾਲ ਪੁੱਛਗਿਛ ਕੀਤੀ ਸੀ। ਪੁਲਿਸ ਨੇ ਬਿਸ਼ਪ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਕੇਰਲ ਪੁਲਿਸ ਦੀ ਐਸਆਈਟੀ ਮੁਖੀ ਕੇ ਸੁਭਾਸ਼ ਦਾ ਕਹਿਣਾ ਸੀ ਕਿ ਅਸੀਂ ਇਸ ਮਾਮਲੇ ਵਿੱਚ ਹੋਰ ਜਾਂਚ ਕਰਾਂਗੇ ਅਤੇ ਜੇ ਲੋੜ ਹੋਈ ਤਾਂ ਬਿਸ਼ਪ ਨੂੰ ਬੁਲਾਇਆ ਜਾਵੇਗਾ।
ਬਿਸ਼ਪ ਫ੍ਰੈਂਕੋ ਮੁਲੱਕਲ ਦਾ ਕਹਿਣਾ ਸੀ ਕਿ ਪੁਲਿਸ ਠੀਕ ਤਰੀਕੇ ਨਾਲ ਆਪਣੀ ਜਾਂਚ ਕਰ ਰਹੀ ਹੈ ਅਤੇ ਮੈਨੂੰ ਇਨਸਾਫ ਦੀ ਪੂਰੀ ਉਮੀਦ ਹੈ। ਕੁਝ ਲੋਕ ਇਸਾਈਅਤ ਨੂੰ ਬਦਨਾਮ ਕਰਨ ਲਈ ਅਜਿਹੇ ਇਲਜ਼ਾਮ ਲਗਵਾ ਰਹੇ ਹਨ। ਬਿਸ਼ਪ ਦਾ ਕਹਿਣਾ ਸੀ ਕਿ ਨਨ ਦੇ ਖਿਲਾਫ ਸ਼ਿਕਾਇਤ ਆਈ ਸੀ ਅਤੇ ਐਕਸ਼ਨ ਲੈਣ ਖਿਲਾਫ ਉਸ ਨੇ ਅਜਿਹੇ ਇਲਜ਼ਾਮ ਲਗਾਏ ਹਨ।