ਇਸਲਾਮਾਬਾਦ: ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਭਾਰਤ ਨਾਲ ਗੱਲਬਾਤ ਲਈ ਪਹਿਲ ਕੀਤੀ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕੱਲ੍ਹ ਕਿਹਾ ਕਿ ਪਾਕਿਸਤਾਨ ਸਰਕਾਰ ਤੇ ਫੌਜ ਖੇਤਰੀ ਸ਼ਾਂਤੀ ਲਈ ਭਾਰਤ ਨਾਲ ਗੱਲਬਾਤ ਕਰਨ ਦੇ ਇਛੁੱਕ ਹਨ। ਆਪਣੀ ਇੰਟਰਵਿਊ ਵਿੱਚ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੀ ਮੌਜੂਦਾ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ, ਪਰ ਭਾਰਤ ਵੱਲੋਂ ਕੋਈ ਸਾਕਾਰਤਮਕ ਸੰਕੇਤ ਨਹੀਂ ਮਿਲ ਰਹੇ।

ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨਾਲ ਗੱਲਬਾਤ ਲਈ ਸੰਕੇਤ ਦਿੱਤੇ ਹਨ। ਪ੍ਰਧਾਨ ਮੰਤਰੀ ਚੁਣੇ ਜਾਣ ਬਾਅਦ ਇਮਰਾਨ ਖ਼ਾਨ ਨੇ ਭਾਰਤੀ ਕ੍ਰਿਕੇਟਰਾਂ ਨੂੰ ਸੱਦੇ ਵੀ ਦਿੱਤੇ। ਆਪਣੇ ਭਾਸ਼ਣ ਵਿੱਚ ਵੀ ਉਨ੍ਹਾਂ ਕਿਹਾ ਕਿ ਜੇ ਭਾਰਤ ਇੱਕ ਕਦਮ ਵਧਾਏਗਾ ਤਾਂ ਉਹ ਗੱਲਬਾਤ ਲਈ ਦੋ ਕਦਮ ਅੱਗੇ ਵਧਾਉਣਗੇ।
ਸੂਤਰਾਂ ਮੁਤਾਬਕ ਇਮਰਾਨ ਖ਼ਾਨ ਗੱਲਬਾਤ ਸਬੰਧੀ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੀ ਗੱਲਬਾਤ ਕੀਤੀ ਸੀ। ਫਵਾਦ ਚੌਧਰੀ ਨੇ ਕਿਹਾ ਕਿ ਸਬੰਧ ਸੁਧਾਰਣ ਤੇ ਗੱਲਬਾਤ ਕਰਨ ਲਈ ਫੌਜ ਨੇ ਵੀ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਮਰਨ ਖ਼ਾਨ ਤੇ ਜਨਰਲ ਕਮਰ ਜਾਵੇਦ ਬਾਜਵਾ ਦੋਵਾਂ ਦਾ ਮੰਨਣਾ ਹੈ ਕਿ ਕੋਈ ਦੇਸ਼ ਅਲੱਗ-ਥਲੱਗ ਰਹਿ ਕੇ ਤਰੱਕੀ ਨਹੀਂ ਕਰ ਸਕਦਾ। ਜੇ ਖੇਤਰੀ ਸ਼ਾਂਤੀ ਯਕੀਨੀ ਨਾ ਬਣਾਈ ਗਈ ਤਾਂ ਵਿਕਾਸ ਦੀ ਦੌੜ ’ਚ ਪਿੱਛੇ ਰਹਿ ਜਾਵਾਂਗੇ।

ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਜਲਦ ਹੀ ਸਿੱਖ ਸ਼ਰਧਾਲੂਆਂ ਲਈ ਕਰਤਾਰ ਸਿੰਘ ਹੱਦ ਖੋਲ੍ਹੇਗਾ ਤੇ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿੱਚ ਬਿਨ੍ਹਾਂ ਵੀਜ਼ਾ ਦਰਸ਼ਨ ਕਰਨ ਦੀ ਆਗਿਆ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇੱਕ ਯੋਜਨਾ ਵੀ ਬਣਾਈ ਗਈ ਹੈ।